ਰੈਕੇਟ ਸਪੋਰਟਸ ਨੇ ਕਰਵਾਇਆ ਸਫਲਤਾਪੂਰਵਕ ਪਹਿਲਾ ਚਾਰਟਰਡ ਟੇਬਲ-ਟੈਨਿਸ ਟੂਰਨਾਮੈਂਟ
(ਲਗਭਗ 60 ਖਿਡਾਰੀਆਂ ਨੇ ਲਿਆ ਭਾਗ)
ਪਟਿਆਲਾ 21 ਮਈ (ਮਧੂਸਾਰ ਬਿਊਰੋ) ਪੂਰੇ ਸੂਬੇ ਭਰ ਵਿੱਚ ਟੇਬਲ-ਟੈਨਿਸ ਖੇਡ ਨੂੰ ਹੋਰ ਉਤਸ਼ਾਹਿਤ ਕਰਨ ਦੀ ਮੁਹਿੰਮ ਤਹਿਤ ਰੈਕੇਟ ਸਪੋਰਟਸ ਵੱਲੋਂ ਪਹਿਲਾ ਚਾਰਟਰਡ ਟੇਬਲ-ਟੈਨਿਸ ਖੇਡ ਮੁਕਾਬਲਾ ਡੀ.ਐਮ.ਡਬਲਿਊ ਟੇਬਲ-ਟੈਨਿਸ ਹਾਲ ਵਿਖੇ ਬਹੁਤ ਸਫਲਤਾਪੂਰਵਕ ਢੰਗ ਨਾਲ ਆਯੋਜਿਤ ਕੀਤਾ ਗਿਆ। ਸ੍ਰੀ ਮਾਨਿਕ ਰਾਜ ਸਿੰਗਲਾ, ਪ੍ਰਧਾਨ ਰੈਕੇਟ ਸਪੋਰਟਸ ਅਤੇ ਸ੍ਰੀ ਸੋਰਭ ਗੁਪਤਾ, ਚੇਅਰਮੈਨ ਪਟਿਆਲਾ ਸੀ.ਏ. ਐਸੋਸੀਏਸ਼ਨ ਦੀ ਅਗਵਾਈ ਵਿੱਚ ਸੰਪੰਨ ਹੋਏ ਇੱਕ ਰੋਜ਼ਾ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਰਾਜੀਵ ਗੋਇਲ, ਚਾਰਟਰਡ ਅਕਾਊਟੈਂਟ ਨੇ ਬਤੌਰ ਮੁੱਖ-ਮਹਿਮਾਨ ਸ਼ਿਰਕਤ ਕੀਤੀ, ਜਦੋਂ ਕਿ ਮਾਣਿਕ ਰਾਜ ਸਿੰਗਲ, ਪ੍ਰਧਾਨ ਰੈਕੇਟ ਸਪੋਰਟਸ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਇੰਦਰ ਸਿੰਘ ਘੁੰਮਣ, ਸਕੱਤਰ ਰੈਕੇਟ ਸਪੋਰਟਸ ਨੇ ਦੱਸਿਆ ਕਿ ਇਨ੍ਹਾਂ ਇੱਕ ਰੋਜ਼ਾ ਖੇਡ ਮੁਕਾਬਲਿਆਂ ਵਿੱਚ ਪਟਿਆਲਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹੋ ਜਿਹੇ ਖੇਡ ਮੁਕਾਬਲਿਆਂ ਨੂੰ ਪ੍ਰੋਫੈਸ਼ਨਲ ਰੰਗਤ ਦਿੰਦਿਆਂ ਸ਼ਹਿਰ ਦੇ ਤਕਰੀਬਨ ਸਾਰੇ ਚਾਰਟਰਡ ਅਕਾਊਂਟੈਂਟਸ ਲਈ ਖਾਸ ਤੌਰ ਤੇ ਟੂਰਨਾਮੈਂਟ ਰੈਕੇਟ ਸਪੋਰਟਸ ਵੱਲੋਂ ਆਯੋਜਿਤ ਕੀਤਾ ਗਿਆ ਹੈ। ਉਚੇਚੇ ਤੌਰ ਤੇ ‘ਪਟਿਆਲਾ ਬਰਾਂਚ ਆਫ ਐਨ.ਆਈ.ਆਰ.ਸੀ. ਆਫ ਆਈ.ਸੀ.ਏ.ਆਈ.’ ਲਈ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਲਗਭਗ 40 ਦੇ ਕਰੀਬ ਸੀ.ਏ. ਖਿਡਾਰੀਆਂ ਨੇ ਭਾਗ ਲਿਆ, ਜਦੋਂ ਕਿ ਲਗਭਗ 25 ਦੂਜੇ ਖਿਡਾਰੀਆਂ ਨੇ ਵੀ ਭਾਗ ਲਿਆ। ਇਹਨਾਂ ਖੇਡ ਮੁਕਾਬਲਿਆਂ ਵਿਚ ਗਰੁੱਪ ਲੀਗ ਵਿਅਕਤੀਗਤ ਅਤੇ ਡਬਲਜ਼ ਅਤੇ ਮਿਕਸ ਡਬਲਜ਼ ਖੇਡ ਮੁਕਾਬਲੇ ਕਰਵਾਏ ਏ। ਉਨ੍ਹਾਂ ਕਿਹਾ ਕਿ ਇਸ ਖੇਡ ਪ੍ਰਤੀ ਉਤਸ਼ਾਹ ਵੇਖਦਿਆਂ ਐਨ.ਆਈ.ਆਰ.ਸੀ. ਸੰਸਥਾ ਵੱਲੋਂ ਰੈਕੇਟ ਸਪੋਰਟਸ ਨੂੰ ਭਵਿੱਖ ਵਿਚ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਵੀ ਪੂਰਨ ਸਹਾਇਤਾ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਮੇਘਾ ਕੌਲ, ਟੇਬਲ-ਟੈਨਿਸ ਕੋਚ ਖੇਡ ਵਿਭਾਗ ਪੰਜਾਬ, ਸ੍ਰੀ ਯਸ਼ੂਵਿੰਦਰ ਸਿੰਘ, ਸਕੱਤਰ, ਡੀ.ਐਮ.ਡਬਲਿਊ ਕਲੱਬ, ਸ੍ਰੀ ਵਿਸ਼ਾਲ ਸ਼ਰਮਾ, ਵਿਸ਼ਾਲ ਐਸਟੇਟਸ, ਸ. ਹਰਮੀਤ ਸਿੰਘ ਕੋਚ ਪੀ.ਪੀ.ਐਸ. ਨਾਭਾ, ਸ੍ਰੀ ਅਮਿਤ ਜਿੰਦਲ, ਸੀ.ਏ. ਅਮਲ ਗੁਪਤਾ, ਸੀ.ਏ. ਹਰਚਰਨ ਸਿੰਘ, ਸ੍ਰੀ ਗੌਰਵ ਉÎੱਪਲ, ਸ੍ਰੀ ਗੁਰਿੰਦਰ ਸਿੰਘ ਸਨੌਰ ਅਤੇ ਸ. ਬਿੱਟੂ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਨਤੀਜੇ : ਚਾਰਟਰਡ ਅਕਾਊਂਟੈਂਟਸ ਦੇ ਪੂਲ ਲੀਗ ਮੁਕਾਬਲਿਆਂ ਦੇ ਨਤੀਜੇ ਹਰਵਿੰਦਰ ਸਿੰਘ ਨੂੰ 3-0 ਨਾਲ ਮਾਤ ਦਿੰਦਿਆਂ ਸੋਰਭ ਮਿੱਤਲ ਨੇ ਪੂਲ ਏ ਦੀ ਜੇਤੂ ਬਣਨ ਵਿੱਚ ਸਫਲਤਾ ਹਾਸਿਲ ਕੀਤੀ, ਜਦੋਂ ਕਿ ਪੂਲ ਬੀ ਵਿੱਚ ਰਾਜੀਵ ਗੋਇਲ ਨੇ ਰੂਪੇਨ ਰਤਨ ਨੂੰ 3-0 ਨਾਲ ਸ਼ਿਕਸਤ ਦਿੰਦਿਆਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਇਸੇ ਤਰ੍ਹਾਂ ਪੂਲ ਸੀ ਵਿੱਚ ਸਾਹਿਲ ਗੁਪਤਾ ਨੇ ਵੀਨਸ ਜਿੰਦਲ ਨੂੰ 3-1 ਨਾਲ ਸ਼ਿਕਸਤ ਦਿੰਦਿਆਂ ਜੇਤੂ ਬਣਨ ਵਿਚ ਸਫਲਤਾ ਹਾਸਿਲ ਕੀਤੀ। ਪੂਲ ਡੀ ਵਿੱਚ ਪੁਨੀਤ ਜੈਨ ਨੂੰ 3-1 ਨਾਲ ਹਰਾਉਂਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ।
ਫਾਈਨਲ ਮੈਚ ਵਿੱਚ ਸੋਰਭ ਮਿੱਤਲ ਨੇ 3-1 ਨਾਲ ਰਾਜੀਵ ਗੋਇਲ ਨੂੰ ਹਰਾ ਕੇ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ।
ਡਬਲਜ਼ ਮੁਕਾਬਲੇ
ਪਹਿਲਾ ਸਥਾਨ : ਸੋਰਭ ਗੁਪਤਾ ਅਤੇ ਅਮਨਦੀਪ ਸਿੰਘ
ਦੂਜਾ ਸਥਾਨ : ਚਰਨਜੀਤ ਸਿੰਘ ਅਤੇ ਰਿਤਿਕ ਵਰਮਾ
ਤੀਜਾ ਸਥਾਨ : ਅਤੁਲ ਤੇ ਅਮਨ ਗੁਪਤਾ
ਤੀਜਾ ਸਥਾਨ (ਜੁਆਇੰਟ ਜੇਤੂ) : ਦੀਕਸ਼ਾ ਤੇ ਸੋਰਭ ਮਿੱਤਲ

