ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ’ ਗਲਪਕਾਰ ਚੰਦਨ ਨੇਗੀ ਨੂੰ
ਪਟਿਆਲਾ 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ’ ਪ੍ਰਸਿੱਧ ਪੰਜਾਬੀ ਗਲਪਕਾਰ ਸ੍ਰੀਮਤੀ ਚੰਦਨ ਨੇਗੀ ਨੂੰ ਪ੍ਰਦਾਨ ਕੀਤਾ ਜਾਵੇਗਾ।
ਸਭਾ ਵੱਲੋਂ ਸੱਦੀ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੱਸਿਆ ਕਿ ਸ੍ਰੀ ਅੱਵਲ ਸਰਹੱਦੀ (ਹਰਨਾਮ ਸਿੰਘ ਅੱਵਲ ਸਰਹੱਦੀ) ਦੇ ਪਰਿਵਾਰ ਦੀ ਤਰਫੋਂ ਸੁਪਤਨੀ ਸ੍ਰੀਮਤੀ ਨਰਿੰਦਰ ਕੌਰ ਅਤੇ ਸਪੁੱਤਰ ਸ੍ਰੀ ਕਮਲਜੀਤ ਸਿੰਘ ਬੰਟੀ ਅੱਵਲ ਵੱਲੋਂ ਇਹ ਪੁਰਸਕਾਰ ਹਰ ਸਾਲ ਕਿਸੇ ਉਘੇ ਸਾਹਿਤਕਾਰ ਜਾਂ ਵਿਦਵਾਨ ਨੂੰ ਦੇਣਾ ਆਰੰਭ ਕੀਤਾ ਗਿਆ ਹੈ।ਮਿੰਨੀ ਕਹਾਣੀਕਾਰ ਵਜੋਂ ਪ੍ਰਸਿੱਧ ਸ੍ਰੀ ਸਰਹੱਦੀ ਸਭਾ ਦੇ ਲੰਮਾ ਅਰਸਾ ਜਨਰਲ ਸਕੱਤਰ ਸਭਾ ਦੀ ਬਾਖ਼ੂਬੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ।ਸਭਾ ਦੀ ਮਾਰਫ਼ਤ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਵਿਚ 5100 ਰੁਪਏ ਦੀ ਨਗਦ ਰਾਸ਼ੀ, ਸਨਮਾਨ ਪੱਤਰ ਅਤੇ ਸ਼ਾਲ ਸ਼ਾਮਲ ਹੋਣਗੇ।
ਸਾਲ 2017 ਲਈ ਇਸ ਪਲੇਠੇ ਪੁਰਸਕਾਰ ਲਈ ਪੰਜਾਬੀ ਦੀ ਉਘੀ ਗਲਪਕਾਰ ਸ੍ਰੀਮਤੀ ਚੰਦਨ ਨੇਗੀ (ਦਿੱਲੀ) ਦੀ ਚੋਣ ਕੀਤੀ ਹੈ ਜਿਨ੍ਹਾਂ ਨੂੰ ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਮੱਦੇਨਜ਼ਰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਚੰਦਨ ਨੇਗੀ ਨੇ ‘ਕਲਰ ਕੇਰੀ ਛੱਪੜੀ’, ‘ਜਲੁ ਬਿਨ ਕੁੰਭ’, ‘ਕਨਕ ਕਾਮਿਨੀ’, ‘ਮਨ ਕੀ ਬਿਰਥਾ’, ‘ਸੂਕੇ ਕਾਸਟ’ ਆਦਿ ਵਰਗੇ ਵੱਕਾਰੀ ਨਾਵਲ, ਕਹਾਣੀ ਸੰਗ੍ਰਹਿ ਅਤੇ ਸਵੈ ਜੀਵਨੀ ‘ਨਿਮੋਲੀਆਂ ਦੇ ਹਾਰ’ ਆਦਿ ਵਰਗੀਆਂ ਪ੍ਰਸਿੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ।ਰਾਸ਼ਟਰਪਤੀ ਐਵਾਰਡ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਸ੍ਰੀਮਤੀ ਚੰਦਨ ਨੇਗੀ ਨੇ ਡੋਗਰੀ ਆਂਚਲਿਕਤਾ ਰਾਹੀਂ ਦਿਲਚਸਪ ਮੁਹਾਵਰੇ ਰਾਹੀਂ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਨੇੜ ਭਵਿੱਖ ਵਿਚ ਇਹ ਪੁਰਸਕਾਰ ਚੰਦਨ ਨੇਗੀ ਨੂੰ ਪ੍ਰਦਾਨ ਕੀਤਾ ਜਾਵੇਗਾ। ਸਭਾ ਵੱਲੋਂ ਲਏ ਗਏ ਫੈਸਲੇ ਦੌਰਾਨ ਸਭਾ ਦੇ ਸਰਪ੍ਰਸਤ ਕੁਲਵੰਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ,ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਹਰਪ੍ਰੀਤ ਰਾਣਾ, ਸੁਖਦੇਵ ਸਿੰਘ ਚਾਹਲ,ਦਵਿੰਦਰ ਮੁੰਡੀ ਵਿਸ਼ੇਸ਼ ਤੌਰ ਸ਼ਾਮਿਲ ਸਨ।

