ਮੁੱਠੀ ਭਰ ਵਿਅਕਤੀਆਂ ਦੇ ਕਹਿਣ ਨਾਲ ਪ੍ਰਧਾਨ ਨਹੀਂ ਬਣਦੇ: ਚੀਮਾ, ਗੋਇਲ
ਤਰਸੇਮ ਸੈਣੀ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ
ਪਟਿਆਲਾ, 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਬੀਤੇ ਕੱਲ੍ਹ ਰਾਜਪੁਰਾ ਵਿਖੇ ਹੋਏ ਇੱਕ ਗਰੁੱਪ ਵੱਲੋਂ ਰਾਈਸ ਮਿਲਰ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਣ ਤੋਂ ਭੜਕੇ ਰਾਈਸ ਮਿਲਰਾਂ ਨੇ ਪਟਿਆਲਾ ਰਾਈਸ ਮਿਲਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਗੁਰਦੀਪ ਚੀਮਾ ਅਤੇ ਪਟਿਆਲਾ ਪ੍ਰਧਾਨ ਸੰਜੀਵ ਗੋਇਲ ਦੀ ਅਗਵਾਈ ਹੇਠ ਇੱਕ ਮੀਟਿੰਗ ਕਰਕੇ ਐਲਾਨ ਕੀਤਾ ਕਿ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸ਼ੈਣੀ ਹਨ ਅਤੇ ਹਮੇਸ਼ਾਂ ਬਣੇ ਰਹਿਣਗੇ।
ਉਹਨਾਂ ਕਿਹਾ ਕਿ ਦਰਜ਼ਨ ਭਰ ਅਸੰਤੁਸ਼ਟਾਂ ਦੇ ਕਹਿਣ ਤੋਂ ਪ੍ਰਧਾਨ ਨਹੀਂ ਬਦਲਦੇ। ਦੋਨਾ ਪ੍ਰਧਾਨਾ ਨੇ ਸਾਫ ਕੀਤਾ ਕਿ ਰਾਜਪੁਰਾ ਵਿਚ ਜਿਹੜੇ ਰਾਈਸ ਮਿਲਰਾਂ ਦੀ ਮੀਟਿੰਗ ਹੋਈ, ਉਸ ਵਿਚ ਕੁਝ ਗਿਣਤੀ ਦੇ ਵਿਅਕਤੀ ਹੀ ਸ਼ਾਮਲ ਹੋਏ ਸਨ। ਜਿਨ੍ਹਾਂ ਦਾ ਰਾਈਸ ਮਿਲਰ ਐਸੋਸੀਏਸ਼ਨ ਨਾਲ ਕੋਈ ਲੈਣ ਦੇਣ ਨਹੀਂ। ਅੱਜ ਦੀ ਮਟਿੰਗ ਵਿਚ ਸੀਨੀਅਰ ਆਗੂ ਦਮੋਦਰ ਸਿੰਘ ਸਨੌਰ,ਚਿਮਨ ਲਾਲ ਗੋਇਲ ਡਕਾਲਾ, ਗੁਰਮੇਜ਼ ਸਿੰਘ ਭੁਨਰਹੇੜੀ, ਚਮਨ ਲਾਲ ਗੋਇਲ, ਅਸ਼ੋਕ ਕੁਮਾਰ ਨਾਭਾ, ਕਰਮ ਸਿੰਘ ਮਟੋਰਦਾ ਨਾਭਾ, ਸੁਰੇਸ਼ ਸਿੰਗਲਾ ਸਮਾਣਾ, ਅਮਨ ਪੰਜਰਥ ਸਮਾਣਾ, ਰਜੇਸ਼ ਕੁਮਾਰ,ਟਿਨੀ ਰਾਜਪੁਰਾ, ਫਕੀਰ ਚੰਦ ਬਾਂਸਲ ਰਾਜਪੁਰਾ, ਸੁਰਿੰਦਰ ਕੁਮਾਰ ਪਾਤੜਾਂ, ਪ੍ਰਮੋਦ ਸਿੰਗਲਾ ਬਾਦਸ਼ਾਹਪੁਰ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
ਗੁਰਦੀਪ ਸਿੰਘ ਚੀਮਾ ਜਿਲ੍ਹਾ ਪ੍ਰਧਾਨ ਪਟਿਆਲਾ ਨੇ ਸਪਸ਼ਟ ਤੌਰ ਤੇ ਦਸਿਆ ਕਿ ਇਹ ਕੋਈ 500 ਮਿਲਰਾਂ ਦਾ ਇਕੱਠ ਨਹੀਂ ਸੀ ਬਲਕਿ 50-60 ਮਿਲਰ ਵੀ ਇਸ ਕਰਕੇ ਹਾਜਰ ਹੋਏ ਕਿਉਂਕਿ ਇਸਤਿਹਾਰ ਵਿੱਚ ਮਿਲਰਾਂ ਦੀਆਂ ਸਮਸਿਆਵਾਂ ਅਤੇ ਨਵੀਂ ਮਿਲਿੰਗ ਪਾਲਿਸੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਲਿਖਿਆ ਗਿਆ ਸੀ। ਚੀਮਾ ਨੇ ਅਗੋਂ ਦੱਸਿਆ ਕਿ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਇਕ ਰਜਿਸਟਰਡ ਸੰਸਥਾ ਹੈ ਅਤੇ ਤਰਸੇਮ ਸੈਣੀ ਦਸੰਬਰ 1998 ਤੋਂ ਲਗਾਤਾਰ ਇਸ ਦੇ ਪ੍ਰਧਾਨ ਚਲੇ ਆ ਰਹੇ ਹਨ, ਜਿਸ ਦੌਰਾਨ ਵੱਖਰੋਂ ਵੱਖਰੀਆਂ ਰਾਜਸੀ ਪਾਰਟੀਆਂ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਹਨ ਅਤੇ ਮੌਜੂਦਾ ਅਸੈਂਬਲੀ ਦੌਰਾਨ ਵਪਾਰਕ ਵਰਗ ਨੇ ਤਨਦੇਹੀ ਨਾਲ ਸੂਬੇ ਅੰਦਰ ਕਾਂਗਰਸ ਸਰਕਾਰ ਦੀ ਸਥਾਪਨਾ ਲਈ ਪੁਰਜੋਰ ਯੋਗਦਾਨ ਪਾਇਆ ਹੈ। ਚੀਮਾ ਨੇ ਅਗੋਂ ਜਾਹਰ ਕੀਤਾ ਹੈ ਕਿ ਸ੍ਰੀ ਗਿਆਨ ਚੰਦ ਭਾਰਦਵਾਜ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਨਹੀਂ ਹੈ ਜਦੋਂਕਿ ਤਕਰੀਬਨ 3400 ਸ਼ੈਲਰ ਮਾਲਕਾਂ ਵੱਲੋਂ ਸ੍ਰੀ ਤਰਸੇਮ ਸੈਣੀ ਦੀ ਪ੍ਰਧਾਨਗੀ ਵਿੱਚ ਆਪਣਾ ਵਿਸ਼ਵਾਸ ਸਥਾਪਿਤ ਕੀਤਾ ਹੋਇਆ ਹੈ। ਜਿਸ ਦੀ ਵਜ੍ਹਾ ਕਾਰਨ ਉਹ ਪਿਛਲੇ 19 ਸਾਲਾਂ ਤੋਂ ਸੂਬੇ ਦੇ ਸ਼ੈਲਰ ਮਾਲਕਾਂ ਦੀ ਅਗਵਾਈ ਕਰਦੇ ਆ ਰਹੇ ਹਨ। ਚੀਮਾ ਨੇ ਅਗੋਂ ਸਪਸ਼ਟ ਕੀਤਾ ਕਿ ਸ੍ਰੀ ਤਰਸੇਮ ਸੈਣੀ ਦੀ ਅਣਥਕ ਮਿਹਨਤ ਸਦਕਾ ਹੀ ਸੂਬੇ ਦੀ ਮਿਲਿੰਗ ਇੰਡਸਟਰੀ ਬਰਬਾਦੀ ਤੋਂ ਬਚੀ ਹੈ ਅਤੇ ਸ੍ਰੀ ਸੈਣੀ ਦੀਆਂ ਕੋਸ਼ਿਸ਼ਾਂ ਸਦਕਾਂ ਹੀ ਸੂਬੇ ਤੇ ਕੇਂਦਰ ਸਰਕਾਰਾਂ ਨਾਲ ਜਾਬਤਾ ਕਾਇਮ ਕਰਕੇ ਸੀ.ਏ.ਜੀ.ਐਲ. ਲੈਬੋਰਟਰੀ, ਕੰਪਿਊਟਰਾਇਜ਼ਡ ਲੈਬੋਰਟਰੀ ਵਰਗੇ ਪਾਇਲਟ ਪ੍ਰੋਜੈਕਟ ਸੂਬੇ ਵਿੱਚ ਸਥਾਪਤ ਕਰਵਾਏ ਤਾਂ ਕਿ ਰਿਸ਼ਵਤ ਖੋਰੀ ਨੂੰ ਨਥੀ ਪਾਈ ਜਾ ਸਕੇ। ਇਸ ਤੋਂ ਇਲਾਵਾ ”ਸੀ” ਕਲਾਸ ਬਾਰਦਾਨਾ ਦੀ ਵਰਤੋਂ ਦੀ ਪਾਲਸੀ ਹੋਂਦ ਵਿੱਚ ਲਿਆਂਦੀ ਗਈ, ਚਾਵਲਾਂ ਦੀ ਢੋਅ-ਢੁਆਈ ਦੇ ਖਰਚੇ ਦੀ ਭਾਰਤੀ ਖੁਰਾਕ ਨਿਗਮ ਪਾਸੋਂ ਅਦਾਇਗੀ ਕਰਵਾਉਣ ਲਈ ਅਗਵਾਈ ਕੀਤੀ ਅਤੇ ਚਾਵਲਾਂ ਦੀ ਸਟੋਰੇਜ਼ ਲਈ ਜਗ੍ਹਾ ਦਾ ਪ੍ਰਬੰਧ ਕਰਵਾਉਣ ਤੋਂ ਇਲਾਵਾ ਪੈਡੀ ਦੀ ਵੰਡ ਸਮੇਂ ਬਰਾਬਰਤਾ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਸ ਨੂੰ ਸੂਬੇ ਦੇ ਸੈਲਰ ਮਾਲਕ ਕਦੇ ਵੀ ਭੁਲਾ ਨਹੀਂ ਸਕਣਗੇ। ਚੀਮਾ ਨੇ ਅਗੋਂ ਇਹ ਵੀ ਦਸਿਆ ਕਿ ਸ੍ਰੀ ਗਿਆਨ ਚੰਦ ਭਾਰਦਵਾਜ ਦੇ ਕੰਮਕਾਜ ਬਾਰੇ ਪਿਛਲੇ 2 ਸਾਲਾਂ ਸਬੰਧੀ ਪਨਗ੍ਰੇਨ ਪੰਜਾਬ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਭਾਜਪਾ ਲਈ ਦਿਨ ਰਾਤ ਕੰਮ ਕਰਨ ਵਾਲੇ ਗਿਆਨ ਚੰਦ ਭਾਰਦਵਾਜ਼ ਅਤੇ ਉਸ ਦਾ ਪੁੱਤਰ ਹੁਣ ਰਾਤੋ ਰਾਤ ਕਾਂਗਰਸੀ ਬਣ ਗਏ। ਉਹਨਾਂ ਪ੍ਰਧਾਨ ਤਰਸੇਮ ਸ਼ੈਣੀ ਨੂੰ ਅਪੀਲ ਕੀਤੀ ਕਿ ਜਲਦ ਹੀ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਸਾਰੇ ਭਰਮ ਭੁਲੇਖੇ ਕੱਢ ਦਿੱਤੇ ਜਾਣ। ਮੀਟਿੰਗ ਵਿਚ ਮੂਲਖ ਰਾਜ ਗੁਪਤਾ, ਪਵਨ ਸਿੰਗਲਾ, ਜ਼ਸਵਿੰਦਰ ਰਾਣਾ, ਸੁਰਿੰਦਰ ਮਿਤਲ, ਅਸ਼ੋਕ ਮੋਢੀ, ਜਤਿੰਦਰ ਟਿਨੂ, ਦਵਿੰਦਰ ਬੱਗਾ, ਦਿਲਬਾਗ ਸਿੰਘ, ਅਮਰਜੀਤ ਸਿੰਘ, ਰਜਿੰਦਰ ਗੁਪਤਾ, ਨਰੇਸ਼ ਗੋਇਲ, ਸੰਜੇ ਗੋਇਲ, ਰਾਕੇਸ਼ ਬਾਂਸਲ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਵੀ ਹਾਜਰ ਸਨ।

