ਖਜਾਨਾ ਦਫਤਰ ਅੱਗੇ ਫੀਲਡ ਕਾਮੇ ਲਾਉਣਗੇ ਪੱਕਾ ਮੋਰਚਾ
ਪਟਿਆਲਾ 25 ਮਈ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਇੱਕ ਭਰਵੀਂ ਇਕੱਤਰਤਾ ਦਰਸ਼ਨ ਬੇਲੂਮਾਜਰਾ, ਛੱਜੂ ਰਾਮ, ਗੁਰਦਰਸ਼ਨ ਖਮਾਣੋ, ਗੁਰਮੀਤ ਖਾਨਪੁਰ ਦੀ ਅਗਵਾਈ ਵਿੱਚ ਹੋਈ।
ਜਿਸ ਵਿੱਚ ਸਰਕਾਰ ਵੱਲੋਂ ਦੇਵੀਗੜ੍ਹ (ਆਈ.ਬੀ.) ਮੰਡਲ ਪਟਿਆਲਾ ਅਤੇ ਭਾਖੜਾ ਮੇਨ ਲਾਇਨ ਮੰਡਲ ਪਟਿਆਲਾ ਦੇ ਮੁਲਾਜਮਾਂ ਨੂੰ ਕਣਕ ਖਰੀਦਣ ਲਈ ਅਜੇ ਤੱਕ ਕਣਕ ਕਰਜਾ ਨਹੀਂ ਦਿੱਤਾ। ਜਿਸ ਕਾਰਨ ਸਮੁੱਚਾ ਦਰਜਾ ਚਾਰ ਕਾਮਾ ਕਣਕ ਖਰੀਦਣ ਤੋਂ ਵਾਂਝਾ ਰਹਿ ਗਿਆ ਹੈ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਖਜਾਨਾ ਦਫਤਰ ਵਲੋਂ 1 ਜੂਨ 2017 ਤੱਕ ਕਣਕ ਕਰਜਾ ਜਾਰੀ ਨਾ ਕੀਤਾ ਤਾਂ ਫੀਲਡ ਕਾਮੇ 2 ਜੂਨ 2017 ਤੋਂ ਖਜਾਨਾ ਦਫਤਰ ਅੱਗੇ ਲਗਾਤਾਰ ਸੰਘਰਸ਼ ਕਰਨਗੇ। ਅੱਜ ਦੀ ਮੀਟਿੰਗ ਵਿੱਚ ਕ੍ਰਿਸ਼ਨ ਕਲਵਾਣੂ, ਨਰੇਸ਼ ਦੇਧਣਾ, ਅਜਾਇਬ ਖਨੋਰੀ, ਕੁਲਦੀਪ ਘੱਗਾ, ਕਰਮ ਸਿੰਘ ਨਾਭਾ, ਹਰੀ ਰਾਮ ਬੀ.ਐਮ.ਐਲ., ਹਰਪ੍ਰੀਤ ਅਮਲੋਹ, ਤਰਲੋਚਨ ਸਰਹਿੰਦ, ਸੁਲੱਖਣ ਖਮਾਣੋ, ਗੁਰਮੀਤ ਪਟਿਆਲਾ, ਲਖਵਿੰਦਰ ਘਨੌਰ ਅਤੇ ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਜਾਨਾ ਦਫਤਰਾਂ ਤੇ ਲਾਈ ਗਈ ਅਣ ਐਲਾਨੀ ਪਾਬੰਦੀ ਖਤਮ ਕੀਤੀ ਜਾਵੇ ਤਾਂ ਜੋ ਮੁਲਾਜਮਾਂ ਦੀਆਂ ਅਦਾਇਗੀਆਂ ਜਿਵੇਂ ਜੀ.ਪੀ.ਫੰਡ, ਡੀ.ਏ. ਦੀਆਂ ਕਿਸ਼ਤਾਂ ਦੇ ਬਕਾਏ, ਮੈਡੀਕਲ ਬਿੱਲ, ਬਿਜਲੀ ਦੇ ਬਿੱਲ, ਆਦਿ ਅਦਾਇਗੀਆਂ ਸਮੇਂ ਸਿਰ ਹੋ ਸਕਣ।

