ਕੋਟਪਾ ਐਕਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਰਿਕਸ਼ਿਆਂ ਰਾਹੀਂ ਮੁਨਾਦੀ
ਪਟਿਆਲਾ, 26 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਰਾਜ ਤੰਬਾਕੂ ਮੁਕਤ ਮੁਹਿੰਮ ਦੇ ਤਹਿਤ ਦੁਕਾਨਦਾਰਾਂ/ਲੋਕਾਂ ਨੂੰ ਕੋਟਪਾ ਐਕਟ ਦੀ ਜਾਣਕਾਰੀ ਦੇਣ ਅਤੇ ਤੰਬਾਕੂ ਦੇ ਸ਼ਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸ਼ਹਿਰ ਵਿੱਚ ਰਿਕਸ਼ਿਆਂ ਰਾਹੀਂ ਮੁਨਾਦੀ ਕਰਵਾਉਣ ਲਈ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਿਕਸ਼ਿਆਂ ਨੂੰ ਰਵਾਨਾਂ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਤੰਬਾਕੂ ਕੰਟਰੋਲ ਸੈਲ ਤੋਂ ਪ੍ਰਾਪਤ ਆਡੀਓ ਕੈਸਟ ਨਾਲ ਮੁਨਾਦੀ ਰਾਹੀਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਤੰਬਾਕੂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜ਼ੋ ਜਿਲ੍ਹੇ ਨੂੰ ਤੰਬਾਕੂ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 4 ਦੇ ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਦੀ ਮਨਾਹੀ ਹੈ, ਉਲਘੰਣਾ ਕਰਨ ਤੇ 200 ਰੁਪਏ ਤੱਕ ਚਲਾਨ ਕੀਤਾ ਜਾ ਸਕਦਾ ਹੈ। ਐਕਟ ਦੀ ਧਾਰਾ 5 ਅਧੀਨ ਤੰਬਾਕੂ ਉਤਪਾਦਾ ਦੀ ਮਸ਼ਹੂਰੀ ਕਰਨ ਤੇ ਪਾਬੰਦੀ ਲਗਾਈ ਗਈ ਹੈ ਅਤੇ ਉਲਘੰਣਾ ਕਰਨ ਤੇ 5 ਸਾਲ ਦੀ ਸਜਾ ਤੇ 5,000/-ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਧਾਰਾ 6 ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਸਕੂਲ਼ੀ ਸੰਸਥਾਵਾ ਦੇ 100 ਗਜ ਦੇ ਘੇਰੇ ਵਿਚ ਤੰਬਾਕੁ ਵੇਚਣ ਦੀ ਮਨਾਹੀ ਹੈ। ਉਲਘੰਣਾ ਕਰਨ ਤੇ 200/ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਡਾ. ਮਲਕੀਤ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਦੇ ਅਨੁਸਾਰ ਖਾਧ ਪਦਾਰਥ ਵੇਚਣ ਵਾਲੇ ਤੰਬਾਕੂ ਦੀ ਵਿਕਰੀ ਨਹੀਂ ਕਰ ਸਕਦੇ, ਅਜਿਹਾ ਕਰਨ ਤੇ ਦੁਕਾਨਦਾਰਾਂ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਗੁੱਟਕਾ, ਪਾਨ ਮਸਾਲਾ,ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਬਨਾਉਣ, ਜਮਾਂ ਕਰਨ ਅਤੇ ਵੇਚਣ ਤੇ ਪਾਬੰਦੀ ਲਗਾਈ ਗਈ ਹੈ। ਇਸ ਮੌਕੇ ਡੀ. ਹਰੀਸ਼ ਮਲਹੋਤਰਾ ਸਹਾਇਕ ਸਿਵਲ ਸਰਜਨ, ਡਾ. ਪਰਵਿੰਦਰਪਾਲ ਸਿੰਘ ਸਿੱਧੂ ਜਿਲ੍ਹਾ ਸਿਹਤ ਅਫਸਰ, ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਭਾਗ ਸਿੰਘ ਅਤੇ ਸ੍ਰੀਮਤੀ ਜ਼ਸਜੀਤ ਕੌਰ ਦੋਨੋਂ ਡਿਪਟੀ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਸਮੇਤ ਅਸ਼ੋਕਾ ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

