ਪੰਜਾਬ

ਰੇਤ ਮਾਈਨਿੰਗ ਸਕੈਂਡਲ ਦੇ ਸੰਬੰਧ ‘ਚ ਆਪ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਦੇ ਗਵਰਨਰ ਨੂੰ ਦਿੱਤਾ ਮੰਗ ਪੱਤਰ

ਚੰਡੀਗੜ, 2 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ, ਆਪ ਪੰਜਾਬ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ, ਚੀਫ ਵੀਪ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਅਤੇ ਐਮ.ਐਲ.ਏ ਸੀਮਰਜੀਤ ਸਿੰਘ ਬੈਂਸ ਨੇ ਵਫਦ ਦੀ ਅਗਵਾਈ ਕੀਤੀ।
ਇਨਾਂ ਵਿਧਾਇਕਾਂ ਨੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੁਆਰਾ ਅਸਿੱਧੇ ਢੰਗ ਨਾਲ ਰੇਤੇ ਦੀ ਬੋਲੀ ਵਿਚ ਕੀਤੀਆਂ ਬੇਨਿਯਮੀਆਂ ਦਾ ਕਾਰਨ ਪੈਦਾ ਹੋਏ ਹਾਲਾਤਾਂ ਵਿਚ ਦਖਲ ਦੇਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਦਿਆਂ ਤੋਂ ਹੀ ਵੱਖ ਵੱਖ ਵਿਵਾਦ ਪੈਦਾ ਹੁੰਦੇ ਰਹੇ ਹਨ ਅਤੇ ਹੁਣ ਪਿਛਲੇ ਦਿਨੀ ਰੇਤੇ ਦੀਆਂ ਖੱਡਾਂ ਦੀ ਕੀਤੀ ਗਈ ਈ-ਬੋਲੀ ਦੇ ਦੌਰਾਨ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੁਆਰਾ ਬੇਨਾਮੀ ਧੰਨ ਰਾਹੀਂ ਨਿਯਮਾਂ ਦੇ ਉਲਟ ਜਾ ਕੇ ਪ੍ਰਾਪਤ ਕੀਤੀਆਂ ਖੱਡਾਂ ਭ੍ਰਿਸ਼ਟਾਚਾਰ ਦੀ ਲੜੀ ਵਿਚ ਅਗਲਾ ਪੜਾਅ ਹਨ।
ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਕ ਮੈਂਬਰੀ ਰਿਟਾਇਰ ਜੱਜ ਦੀ ਕਮਿਸ਼ਨ ਦੁਆਰਾ ਇਸ ਕੇਸ ਦੀ ਘੌਖ ਕਰਨਾ ਕੋਈ ਮਾਈਨੇ ਨਹੀਂ ਰੱਖਦਾ ਕਿਉ ਜੋ ਸੰਬੰਧਿਤ ਜੱਜ ਦੇ ਰਾਣਾ ਗੁਰਜੀਤ ਦੇ ਪਰਿਵਾਰ ਨਾਲ ਨਿੱਜੀ ਸੰਬੰਧ ਹਨ ਅਜਿਹੇ ਹਾਲਾਤਾਂ ਵਿਚ ਇਸ ਕੇਸ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਨੂੰ ਸੌਂਪੀ ਜਾਣੀ ਚਾਹੀਦੀ ਹੈ।
ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਇਸ ਸਮੇਂ ਵਿਰੋਧੀ ਧਿਰ ਵਿਚ ਹਨ ਅਤੇ ਲੋਕਾਂ ਦੀ ਅਵਾਜ ਉਠਾਉਣਾ ਉਨਾਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਕੈਬਿਨੇਟ ਵਿਚੋਂ ਬਰਖਾਸਤਗੀ ਤੱਕ ਅਵਾਜ ਉਠਾਉਦੇ ਰਹਿਣਗੇ। ਉਨਾਂ ਰਾਜਪਾਲ ਤੋਂ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਰਖਾਸਤ ਕਰਨ ਦੀ ਵੀ ਗੋਹਾਰ ਲਗਾਈ।

Leave a Reply

Your email address will not be published. Required fields are marked *