ਸੁਖਬੀਰ ਬਾਦਲ ਦੀ ਤਕਰੀਰ, ‘ਬਾਦਲ’ ਸਾਹਿਬ ਮੇਰੇ ‘ਪਿਤਾ ਸਾਮਾਨ’
ਪਟਿਆਲਾ 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ‘ਚ ਕੀਤੀ ਜ਼ਬਰ ਵਿਰੋਧੀ ਰੈਲੀ ਦੌਰਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਜੀਬੋ-ਅਜੀਬ ਤਕਰੀਰ ਨੇ ਹਾਸੇ ਠੱਠਿਆਂ ਦੀ ਝੜੀ ਲਗਾ ਦਿੱਤੀ, ਜਦ ਸੁਖਬੀਰ ਬਾਦਲ ਨੇ ਪਾਰਟੀ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਪਿਤਾ ਸਾਮਾਨ’ ਆਖ ਬੈਠੇ।
ਅਜਿਹਾ ਰੈਲੀ ‘ਚ ਪਹਿਲੀ ਵਾਰ ਨਹੀਂ ਹੋਇਆ, ਕਈ ਵਾਰ ਸ. ਸੁਖਬੀਰ ਸਿੰਘ ਬਾਦਲ ਆਪਣੇ ਭਾਸ਼ਣਾਂ ‘ਚ ਆਪਣੇ ਹੀ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਪਿਤਾ ਸਾਮਾਨ’ ਆਖ ਦਿੰਦੇ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣੇ ਦਿੱਤੇ ਭਾਸ਼ਣ ਵੀ ਇਕ ਵਾਰ ਫਿਰ ਦਿੱਤਾ ਹੈ।
ਰੈਲੀ ਦੌਰਾਨ ਇਹ ਚਰਚਾ ਬਣੀ ਰਹੀ ਕਿ ਪਾਰਟੀ ਪ੍ਰਧਾਨ ਤੋਂ ਪ੍ਰਭਾਵਸ਼ਾਲੀ ਭਾਸ਼ਣ ਦੀ ਕਾਫੀ ਉਮੀਦ ਹੁੰਦੀ ਹੈ, ਪਰ ਜਦੋਂ ਸੁਖਬੀਰ ਬਾਦਲ ਭਾਸ਼ਣ ਕਰਦੇ ਹਨ ਤਾਂ ਹਮੇਸ਼ਾ ਇੰਝ ਜਾਪਦਾ ਜਿਵੇਂ ਉਹ ਆਪਣਾ ਦਿਮਾਗੀ ਸੰਤੁਲਨ ਨਹੀਂ ਰੱਖ ਪਾਉਂਦੇ, ਜਿਸ ਕਾਰਨ ਪਾਰਟੀ ਵਰਕਰ ਹੀ ਪਾਰਟੀ ਪ੍ਰਧਾਨ ਦੀ ਕਿਰਕਿਰੀ ਕਰਦੇ ਵਿਖਾਈ ਦੇਣ ਲੱਗ ਪੈਂਦੇ ਹਨ।
ਸਟੇਜ ਤੋਂ ਪਾਰਟੀ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਤਾਕੀਦ ਕੀਤੀ, ਪਰ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਟਕਸਾਲੀ ਅਕਾਲੀ ਆਗੂਆਂ ਦੀ ਅਸਿੱਧੇ ਨਾਲ ਪਾਰਟੀ ਪ੍ਰਧਾਨ ਪ੍ਰਤੀ ਜਿਤਾਈ ਜਾ ਰਹੀ ਨਰਾਜ਼ਗੀ ਇਹ ਸਪੱਸ਼ਟ ਕਰਦੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਨੂੰ ਅਸਲ ਦਿਸ਼ਾ ਨਹੀਂ ਮਿਲ ਰਹੀ ਅਤੇ ਪਾਰਟੀ ‘ਚ ਕੰਮ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅੱਖ ਦੀ ਸ਼ਰਮ ਕਾਰਨ ਸਿਧੇ ਤੌਰ ਤੇ ਸ. ਸੁਖਬੀਰ ਸਿੰਘ ਵਿਰੁੱਧ ਬਗਾਵਤ ਨਹੀਂ ਕਰ ਪਾ ਰਹੇ।
ਟਕਸਾਲੀ ਆਗੂਆਂ ਅਤੇ ਪਾਰਟੀ ਦੇ ਸੀਨੀਅਰ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਤੋਂ ਬਾਦ ਮਾਝੇ ਦੇ ਅਕਾਲੀ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸੰਕੇਤ ਦਿੱਤੇ ਸਨ ਕਿ ਪਾਰਟੀ ‘ਚ ਕੁਝ ਅੱਛਾ ਨਹੀਂ, ਪਰ ਉਨ੍ਹਾਂ ਚੁਣੌਤੀਜਨਤਕ ਸੰਕੇਤ ਦਿੰਦਿਆਂ ਆਖਿਆ ਸੀ ਕਿ ਪਾਰਟੀ ਛੱਡਣ ਦੀ ਬਜਾਏ ਪਾਰਟੀ ‘ਚ ਰਹਿ ਕੇ ਰਹੀ ਗਲਤ ਵਿਅਕਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨਗੇ, ਜੋ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲ ਅਸਿੱਧੇ ਢੰਗ ਨਾਲ ਇਸ਼ਾਰਾ ਕੀਤਾ। ਪਟਿਆਲਾ ਜ਼ਬਰ ਵਿਰੋਧੀ ਰੈਲੀ ‘ਚ ਟਕਸਾਲੀ ਅਕਾਲੀ ਆਗੂਆਂ ਦੇ ਸ. ਰਤਨ ਸਿੰਘ ਅਜਨਾਲਾ, ਸੇਵਾਂ ਸਿੰਘ ਸੇਖਵਾਂ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨਾ ਪੁੱਜਣ ਕਰਕੇ ਭਾਵੇਂ ਇਹ ਚਰਚਾ ਅੱਜ ਵੀ ਛਾਈ ਰਹੀ, ਪਰ ਸਟੇਜ ‘ਤੇ ਜਥੇਦਾਰ ਤੋਤਾ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਹਾਜ਼ਰੀ ਨਾਲ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਕਿ ਟਕਸਾਲੀ ਅਕਾਲੀ ਅੱਜ ਵੀ ਪਾਰਟੀ ਨਾਲ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾਂਦੀਆਂ ਰੈਲੀਆਂ ‘ਚ ਅਕਸਰ ਹੀ ਪਾਰਟੀ ਦੇ ਵਰਕਰ ਤੇ ਆਗੂ ਸਾਹਿਬਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਉਹ ਤਕਰੀਰ ਸੁਣਨ ਦੀ ਆਸ ਰੱਖਦੇ, ਪਰ ਜਦੋਂ ਸੁਖਬੀਰ ਸਿੰਘ ਬਾਦਲ ਦਿਸ਼ਾਹੀਣ ਹੋ ਕੇ ਭਾਸ਼ਣ ਕਰਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਸਿਰਫ ਮੌਜੂ ਹੀ ਬਣ ਕੇ ਰਹਿ ਜਾਂਦੇ ਹਨ

