ਪੰਜਾਬਪਟਿਆਲਾ

ਮੁੱਖ ਮੰਤਰੀ ਦਾ ਸ਼ਹਿਰ ‘ਪਟਿਆਲਾ’ ਜਿਥੇ ਲੋਕਾਂ ਤੇ ਪਸ਼ੂਆਂ ਦੀ ਹੁੰਦੀ ‘ਦੁਰਗਤੀ’

ਪਟਿਆਲਾ (ਕੰਵਰ ਬੇਦੀ) ਸ਼ਾਹੀ ਸ਼ਹਿਰ ‘ਚ ਘੁੰਮਦੇ ਅਵਾਰਾ ਪਸ਼ੂ ਜਿਥੇ ਲੋਕਾਂ, ਬੱਚਿਆਂ ਤੇ ਬਜ਼ੁਰਗਾਂ ਲਈ ਸਿਰਦਰਦੀ ਬਣੇ ਹੋਏ ਹਨ, ਉਥੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਸ਼ੂਆਂ ਦੇ ਸਾਂਭ-ਸੰਭਾਲ ਕਰਨ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੇ ਹਨ, ਜਿਸ ਦੀ ਮਿਸਾਲ ਧਰਮਪੁਰਾ ਬਜ਼ਾਰ ‘ਚ ਕਿਸੇ ਦੁਕਾਨ ਦੇ ਬਾਹਰ ਕਈਆਂ ਦਿਨਾਂ ਤੋਂ ਸੱਟ ਖਾ ਕੇ ਬੈਠੇ ਸਾਂਢ ਨੂੰ ਮੈਡੀਕਲ ਰਾਹਤ ਦੇਣ ਪੁੱਜੇ ‘ਗਾਰਡੀਅਨ ਆਫ ਵਾਈਸ ਲੈਸ’ ਦੇ ਮੈਂਬਰਾਂ ਨੂੰ ਵੇਖਣ ‘ਤੇ ਮਿਲੀ।

‘ਗਾਰਡੀਅਨ ਆਫ ਵਾਈਸ ਲੈਸ’ ਦੇ ਮੈਂਬਰ ਗੌਰਵ ਅਤੇ ਧਰਮਿੰਦਰ ਕਈ ਦਿਨਾਂ ਤੋਂ ਚੱਲਣ ਤੋਂ ਅਸਮਰੱਥ ਕਿਸੇ ਦੁਕਾਨ ਦੇ ਬਾਹਰ ਬੈਠੇ ‘ਸਾਂਢ’ ਨੂੰ ਲੱਗੀ ਸੱਟ ਤੋਂ ਰਾਹਤ ਦਿਵਾਉਣ ਲਈ ‘ਟੀਕਾਕਰਨ’ ਕਰ ਰਹੇ ਸਨ ਤਾਂ ਜੋ ਜਾਨਵਰ ਚੱਲਣ ਦੇ ਸਮਰੱਥ ਹੋ ਸਕੇ। ਉਨ੍ਹਾਂ ਦੱਸਿਆ ਕਿ ਕਿਸੇ ਤੇਜ਼ ਵਾਹਨ ਨੇ ‘ਸਾਂਢ’ ਨੂੰ ਸੱਟ ਮਾਰ ਦਿੱਤੀ ਸੀ, ਜਿਸ ਕਾਰਨ ਉਹ ਚੱਲ ਫਿਰ ਨਹੀਂ ਸੀ ਸਕਦਾ, ਜੋ ਨਿਢਾਲ ਹੋ ਕੇ ਬਜ਼ਾਰ ‘ਚ ਦੁਕਾਨ ਦੇ ਬਾਹਰ ਬੈਠਾ ਸੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ‘ਸਾਂਢ’ ਦੇ ਬਿਮਾਰ ਹੋਣ ਦੀ ਇਤਲਾਹ ‘ਸੰਸਥਾ’ ਕੋਲ ਕੀਤੀ ਸੀ, ਜਿਸ ਕਾਰਨ ਅਸੀਂ ਇਸ ਦਾ ਇਲਾਜ ਕਰਨ ਆਏ ਹਾਂ, ਜਦੋਂ ਉਨ੍ਹਾਂ ਵੱਲੋਂ ਕੀਤੇ ਜਾ ਸ਼ਲਾਘਾਯੋਗ ਕੰਮ ਦੀ ਪ੍ਰੈਸ ਕਵਰੇਜ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ‘ਸੰਸਥਾ’ ਦੇ ਮੈਂਬਰਾਂ ਨੂੰ ਹਦਾਇਤ ਹੈ ਕਿ ਉਹ ‘ਫੌਕੀ ਸ਼ੌਹਰਤ’ ਲਈ ਅਜਿਹਾ ਕੁਝ ਵਾ ਨਾ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਸੱਟ ਲੱਗੀ ਜਾਂਦੀ ਹੈ ਤਾਂ ਉਹ ਪਹੁੰਚ ਕਰਕੇ ‘ਜਾਨਵਰਾਂ’ ਨੂੰ ਰਾਹਤ ਦੇਣ ਲਈ ਇਲਾਜ ਕਰਦੇ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਸ਼ਹਿਰ ਪਟਿਆਲਾ ਤੋਂ ਹਨ, ਜਿਥੇ ਸ਼ਹਿਰ ਲੋਕਾਂ ਤੇ ਪਸ਼ੂਆਂ ਦੀ ਦੁਰਗਤੀ ਕਈ ਸਾਲਾਂ ਤੋਂ ਹੋ ਰਹੀ ਹੈ। ਸ਼ਹਿਰ ਦੇ ਲੋਕ ਕਈ ਸਾਲਾਂ ਤੋਂ ਆਸਾਂ ਤੇ ਉਮੀਦਾਂ ਰੱਖਕੇ ਸ਼ਾਹੀ ਪਰਿਵਾਰ ਨੂੰ ਸੱਤਾ ‘ਚ ਲਿਆਂਦੇ ਰਹੇ, ਪ੍ਰੰਤੂ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਪਾਣੀ ਦੀ ਨਿਕਾਸੀ, ਨਜਾਇਜ਼ ਕਬਜ਼ੇ, ਟਰੈਫਿਕ ਦੀ ਸਮੱਸਿਆ ਤੇ ਬੁਨਿਆਦੀ ਸਹੂਲਤਾਂ ਦਾ ਨਿੱਘ ਲੋਕ ਕਦੇ ਨਹੀਂ ਮਾਣ ਸਕੇ। ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦੀਆਂ ਵੋਟਾਂ ਨਾਲ ਮਹਾਰਾਣੀ ਪ੍ਰਨੀਤ ਕੌਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੀ, ਪ੍ਰੰਤੂ ਲੋਕਾਂ ਨਾਲ ਕੀਤੇ ਗਏ ‘ਲੋਕ ਲਭਾਊ’ ਵਾਅਦੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਹਵਾ ‘ਚ ਲਟਕਦੇ ਨਜ਼ਰ ਆ ਰਹੇ ਹਨ ਕਿਉਂਕਿ ਸੱਤਾ ਹਾਸਲ ਕਰਨ ਤੋਂ ਬਾਅਦ ਸ਼ਾਹੀ ਪਰਿਵਾਰ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ‘ਵਿਸਾਰਦਾ’ ਰਿਹਾ। ਇਹ ਅਹਿਸਾਸ ਸ਼ਾਹੀ ਪਰਿਵਾਰ ਨੂੰ ਜ਼ਿਲ੍ਹੇ ਦੇ ਲੋਕਾਂ ਨੇ ਉਸ ਸਮੇਂ ਕਰਵਾਇਆ ਸੀ, ਜਦੋਂ ‘ਆਪ’ ਦੀ ਹਵਾ ਚੱਲੀ ਅਤੇ ਡਾ. ਧਰਮਵੀਰ ਗਾਂਧੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜੇਤੂ ਰੱਥ ਤੋਂ ਉਤਾਰ ਦਿੱਤਾ। ਅੱਜ ਸਮੇਂ ਨੇ ਮੁੜ ਕੈਪਟਨ ਅਮਰਿੰਦਰ ਸਿੰਘ ਦੇ ‘ਹੱਥਾਂ’ ‘ਚ ਵਾਢਗੋਰ ਸੌਂਪੀ ਹੈ, ਪ੍ਰੰਤੂ ਜੇ ਅਜੇ ਵੀ ਸ਼ਾਹੀ ਪਰਿਵਾਰ ਦੀ ਸ਼ਹਿਰ ਪ੍ਰਤੀ ‘ਅਣਦੇਖੀ’ ਰਹੀ ਤਾਂ ਦੁਨੀਆ ਦੇ ਨਕਸ਼ੇ ‘ਤੇ ਛਾਇਆ ਰਹਿਣ ਵਾਲਾ ਸ਼ਹਿਰ ‘ਪਟਿਆਲਾ’ ਕਦੇ ਵੀ ‘ਵਿਕਾਸ’ ਦੀ ਪੱਟੜੀ ‘ਤੇ ਚੜ੍ਹ ਨਹੀਂ ਸਕੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਘੁੰਮਦੇ ਅਵਾਰਾ ਪਸ਼ੂਆਂ ਲੋਕਾਂ ਨਾਲ ਜਾਨ ਦਾ ਖੌਅ ਬਣੇ ਹੋਏ ਹਨ, ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਅਤੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਪ੍ਰੰਤੂ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ‘ਡੰਗ ਟਪਾਊ’ ਨੀਤੀ ਕਾਰਨ ਇਸ ਸਮੱਸਿਆ ਤੋਂ ਸ਼ਹਿਰ ਦੇ ਲੋਕਾਂ ਨੂੰ ਕਦੇ ਵੀ ਨਿਜ਼ਾਤ ਨਹੀਂ ਮਿਲ ਸਕੀ।
ਗਊ ਰੱਖਿਅਕ ਦਲ ਬਨਾਮ ਖਾਨਾਪੂਰਤੀ
ਸ਼ਹਿਰ ਦੇ ਕਈ ਗਊ ਰੱਖਿਅਕ ਦਲ ਗਊ ਨੂੰ ‘ਮਾਂ’ ਦਾ ਦਰਜਾ ਦਿੰਦੇ, ਪ੍ਰੰਤੂ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਚੁੱਕੇ ਜਾਂਦੇ ਕਦਮ ਮਹਿਜ਼ ਖਾਨਾਪੂਰਤੀ ਦੀ ਭੇਂਟ ਚੜ੍ਹਦੇ ਨਜ਼ਰ ਆਉਂਦੇ ਹਨ। ਸ਼ਹਿਰ ‘ਚ ਗਊਆਂ ਦੀ ਹੋ ਰਹੀ ਬੇਕਦਰੀ ਵੱਲ ਉਨ੍ਹਾਂ ਦਾ ਉਕਾ ਧਿਆਨ ਨਹੀਂ ਹੈ। ਗਊ ਰੱਖਿਅਕ ਦਲਾਂ ਵੱਲੋਂ ਕਈ ਵਾਰ ਆਪਣੇ-ਆਪ ਨੂੰ ਖ਼ਬਰਾਂ ‘ਚ ਛਾਏ ਰੱਖਣ ਲਈ ਗਊਆਂ ਨੂੰ ਫੜ ਕੇ ਨਿਗਮ ਦੀਆਂ ਗੱਡੀਆਂ ‘ਚ ਚੜ੍ਹਤਾ ਤਾਂ ਦਿੱਤਾ ਜਾਂਦਾ ਜਾਂ ਨਿਗਮ ਦੇ ਗੇਟ ‘ਤੇ ਛੋਟੇ-ਛੋਟੇ ਵੱਛੇ ਬੰਨ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਪ੍ਰੰਤੂ ਅਵਾਰਾ ਪਸ਼ੂਆਂ ਦੀਆਂ ਸਮੱਸਿਆ ਤੋਂ ਨਿਜ਼ਾਮ ਦਿਵਾਉਣ ਲਈ ਠੋਸ ਹੱਲ ਕੱਢਣ ਵੱਲ ਉਨ੍ਹਾਂ ਨੂੰ ਵੀ ਕਦੇ ਵੱਡੀ ਕਾਮਯਾਬੀ ਨਹੀਂ ਮਿਲੀ। ਗਊ ਰੱਖਿਅਕ ਦਲਾਂ ਗੈਰ ਕਾਨੂੰਨੀ ਢੰਗ ਨਾਲ ਟਰੱਕਾਂ ‘ਤੇ ਲੱਦੀਆਂ ਗਾਵਾਂ ਨੂੰ ਫੜ੍ਹ ਕੇ ਸਿਆਸਤ ਕਰਦੇ ਤਾਂ ਨਜ਼ਰ ਆਉਂਦੇ, ਪ੍ਰੰਤੂ ਨਿਗਮ ਜਾਂ ਪ੍ਰਸ਼ਾਸਨ ਨੂੰ ਚਿਤਾਵਨੀ ਦੇਣ ਤੋਂ ਬਾਅਦ ਅਵਾਰਾ ਪਸ਼ੂਆਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਅਤੇ ਮਾਮਲਾ ਮੁੜ ਠੰਡੇ ਬਸਤੇ ‘ਚ ਪੈ ਜਾਂਦਾ।

Leave a Reply

Your email address will not be published. Required fields are marked *