ਸੰਪਾਦਕੀਦੇਸ਼-ਵਿਦੇਸ਼ਪੰਜਾਬਪਟਿਆਲਾ

ਕੋਰ ਕਮੇਟੀ ‘ਚੋਂ ਸ਼ਹਿਰੀ ‘ਸਿੱਖ’ ਆਗੂ ਨਾਦਾਰਦ

ਅਕਾਲੀ ਦਲ ‘ਚ ‘ਜੱਟਵਾਦ’ ਮੁੜ ਭਾਰੂ
ਪਟਿਆਲਾ (ਕੰਵਰ ਬੇਦੀ) ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੀ ਕੋਰ ਕਮੇਟੀ ਦਾ ਪੁਨਰਗਠਨ ਕਰਦੇ ਹੋਏ ਨਵੀਂ ਕੋਰ ਕਮੇਟੀ ਬਣਾਉਣ ਦਾ ਐਲਾਨ ਕਰਕੇ ਇਹ ਸੰਕੇਤ ਦਿੱਤੇ ਹਨ ਕਿ ਅਕਾਲੀ ਦਲ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਕੋਈ ਸਬਕ ਲੈਣਾ ਨਹੀਂ ਚਾਹੁੰਦਾ।

ਨਵੀਂ ਕੋਰ ਕਮੇਟੀ ਟੀਮ ‘ਚ ਕੀਤੀ ਗਈ ਚੋਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ‘ਜੱਟ’ ਲੀਡਰਾਂ ਦੀ ਪਾਰਟੀ ਹੈ ਅਤੇ ਪਾਰਟੀ ‘ਚ ਹਮੇਸ਼ਾ ‘ਜੱਟਵਾਦ’ ਭਾਰੂ ਰਿਹਾ ਹੈ। ਪਾਰਟੀ ਪ੍ਰਧਾਨ ਵੱਲੋਂ ਕੋਰ ਕਮੇਟੀ ‘ਚ ਸ਼ਹਿਰੀ ‘ਸਿੱਖ’ ਆਗੂਆਂ ਨੂੰ ਅਣਦੇਖਾ ਕਰਦੇ ਹੋਏ ‘ਟਕਸਾਲੀ ਆਕਾਲੀਆਂ’ ਨੂੰ ਨਾਦਾਰਦ ਕਰ ਦੇਣ ਨਾਲ ਇਹ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਅਕਾਲੀ ਦਲ ਨੂੰ ਸ਼ਹਿਰੀ ‘ਸਿੱਖ’ ਆਗੂਆਂ ਨਾਲ ਕੋਈ ‘ਹੇਜ’ ਨਹੀਂ ਹੈ।
ਕੋਰ ਕਮੇਟੀ ‘ਚ ਕਿਸੇ ਵੀ ਸ਼ਹਿਰੀ ‘ਸਿੱਖ’ ਆਗੂ ਨੂੰ ਨਾ ਲਏ ਜਾਣ ਕਾਰਨ ਅਕਾਲੀ ਦਲ ਪ੍ਰਤੀ ‘ਗੁੱਸੇ’ ਦੀ ਅੱਗ ਆਗੂਆਂ ਦੇ ਮਨਾਂ ‘ਚੋਂ ਰੋਸ ਦੇ ਰੂਪ ‘ਚ ਧੁੱਖਦੀ ਨਜ਼ਰ ਆਉਣ ਲੱਗ ਪਈ ਹੈ। ਰੋਸ ਕਾਰਨ ਇਹ ਵੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਸ਼ਹਿਰੀ ਖੇਤਰ ‘ਚੋਂ ‘ਅਕਾਲੀ ਦਲ’ ਨੂੰ ਪੈਂਦੀ ਆ ਰਹੀ ‘ਸਿੱਖਾਂ’ ਦੀ ‘ਵੋਟ’ ਵੀ ਭਵਿੱਖ ‘ਚ ਨਾਮਾਤਰ ਹੋ ਕੇ ਰਹਿ ਜਾਵੇਗੀ, ਜਿਸ ਦੀ ਮਿਸਾਲ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭੁਗਤੀਆਂ ‘ਵੋਟਾਂ’ ਦੇ ਅੰਕੜਿਆਂ ਤੋਂ ਮਿਲਦੀ ਹੈ। ਅਕਾਲੀ ਦਲ ਦੇ ਅਸੂਲਾਂ ਨੂੰ ਇਕ ਪਾਸੇ ਰੱਖਕੇ ਅਜਿਹੇ ‘ਉਮੀਦਵਾਰਾਂ’ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਖਮਿਆਜ਼ਾ ਵੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਸਮਰਪਿਤ ਭਾਵਨਾ ਨਾਲ ਚਲਦੇ ਆ ਰਹੇ ਅਕਾਲੀ ਆਗੂਆਂ ਨੂੰ ‘ਨੱਕਰੇ’ ਲਗਾ ਦਿੱਤਾ ਗਿਆ ਅਤੇ ਅਕਾਲੀ ਦਲ ‘ਚ ਸਿਰਫ ਤੇ ਸਿਰਫ ਤਮਾਸ਼ਬੀਣ ਆਗੂਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੀ ਚਮਕ ਵੱਖ-ਵੱਖ ਫਲੈਕਸ ਬੋਰਡਾਂ ਤੱਕ ਹੀ ਚਰਮਰਾਹ ਰਹੀ ਸੀ। ਅਕਾਲੀ ਦਲ ‘ਚ ਸ਼ਾਮਲ ਹੋ ਕੇ ‘ਮਾਣ ਅਕਾਲੀ ਹੋਣ ‘ਤੇ’ ਦਾ ‘ਸਲੋਗਨ’ ਛਾਤੀਆਂ ਤੇ ਮੋਢਿਆਂ ਨੂੰ ਲਗਾ ਕੇ ਜ਼ਰੂਰ ਘੁੰਮਦੇ ਵੇਖੇ ਗਏ, ਪ੍ਰੰਤੂ ਉਨ੍ਹਾਂ ਕਦੇ ਵੀ ‘ਅਕਾਲੀ ਦਲ’ ਦੇ ਪ੍ਰਚਾਰ ਤੇ ਪਸਾਰ ਲਈ ਕੰਮ ਨਹੀਂ ਕੀਤਾ, ਜਿਸ ਨਾਲ ਅਕਾਲੀ ਦਲ ਦਾ ‘ਮਾਣ’ ਉਚਾ ਹੁੰਦਾ, ਪ੍ਰੰਤੂ ਅਜਿਹੇ ਲੋਕ ‘ਮੌਕਾਪ੍ਰਸਤ’ ਸਨ, ਜੋ ਸਮੇਂ ਦੀ ਚਾਲ ਨਾਲ ‘ਡੱਡੂ ਛੜੱਪਾ’ ਰਾਜਨੀਤੀ ਨੂੰ ਤਰਜੀਹ ਦਿੰਦੇ ਰਹੇ।
ਚੋਣ ਨਤੀਜਿਆਂ ਤੋਂ ਬਾਅਦ ਖ਼ੁਦ ਨੂੰ ਅਕਾਲੀ ਕਹਾਉਣ ਵਾਲੇ ਲੋਕਾਂ ਦੀਆਂ ਛਾਤੀਆਂ ਤੋਂ ‘ਸਲੋਗਨ’ ਦਾ ਗਾਇਬ ਹੋ ਜਾਣਾ ਵੀ ‘ਅਕਾਲੀ ਦਲ’ ਦੇ ਉਸ ਭਰਮ ਨੂੰ ਵੀ ਜ਼ਰੂਰ ਤੋੜੇਗਾ, ਜਿਨ੍ਹਾਂ ਲੋਕਾਂ ਨੂੰ ਵੇਖ ਕੇ ‘ਅਕਾਲੀ ਦਲ’ ਬਾਗੋ-ਬਾਗ ਹੋਇਆ ਨਜ਼ਰ ਆਉਂਦਾ ਸੀ। ਸ਼ਹਿਰੀ ਖੇਤਰ ਦੇ ਲੋਕਾਂ ‘ਚ ‘ਅਕਾਲੀ ਦਲ’ ਦਾ ਘੱਟਦਾ ਜਾ ਰਿਹਾ ਅਧਾਰ ਅਤੇ ‘ਵੋਟ’ ਗਰਾਫ ਨੂੰ ਢਾਹ ਲੱਗਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ‘ਅਕਾਲੀ ਦਲ’ ਨੇ ਕਦੇ ਵੀ ਕੋਰ ਕਮੇਟੀ ‘ਚ ਕਿਸੇ ਵੀ ਸ਼ਹਿਰੀ ‘ਸਿੱਖ’ ਆਗੂ ਨੂੰ ਮੈਂਬਰ ਵਜੋਂ ਸ਼ਾਮਲ ਕਰਕੇ ਮਾਨਤਾ ਨਹੀਂ ਦਿੱਤੀ, ਜੇ ਅਜਿਹਾ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸ਼ਹਿਰਾਂ ‘ਚ ਬਣੇ ‘ਸਿੱਖ’ ਆਗੂਆਂ ਦੇ ਧੜਿਆਂ ਅਤੇ ਬਗਾਵਤੀ ਸੁਰਾਂ ਦਾ ਅਕਾਲੀ ਦਲ ਨੂੰ ਸਾਹਮਣਾ ਨਾ ਕਰਨਾ ਪੈਂਦਾ ਤੇ ਅੱਜ ਹਰ ਸ਼ਹਿਰ ‘ਚ ‘ਅਕਾਲੀ ਦਲ’ ਦੀ ਸਥਿਤੀ ਕੁਝ ਹੋਰ ਹੋਣੀ ਸੀ। ‘ਸਿੱਖ’ ਭਾਪਾ ਬਰਾਦਰੀ ਦੇ ਸੁਰਜਣ ਸਿੰਘ ਠੇਕੇਦਾਰ ਜ਼ਰੂਰ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਹਨ, ਪ੍ਰੰਤੂ ਉਨ੍ਹਾਂ ਤੋਂ ਬਾਅਦ ਅਕਾਲੀ ਦਲ ਨੇ ਕਿਸੇ ਵੀ ‘ਸਿੱਖ’ ਭਾਪਾ ਬਰਾਦਰੀ ਦੇ ਆਗੂ ਨੂੰ ਸ਼ਹਿਰੀ ਖੇਤਰ ‘ਚੋਂ ਕਦੇ ਵੀ ਕੋਰ ਕਮੇਟੀ ਦਾ ਮੈਂਬਰ ਨਹੀਂ ਬਣਾਇਆ।
ਸ਼ਹਿਰੀ ‘ਸਿੱਖ’ ਆਗੂਆਂ ‘ਚੋਂ ਕੋਈ ਵੀ ਆਗੂ ਕੋਰ ਕਮੇਟੀ ‘ਚ ਮੈਂਬਰ ਨਾ ਲਿਆ ਜਾਣਾ ਵੀ ‘ਅਕਾਲੀ ਦਲ’ ਅੱਗੇ ਗੰਭੀਰ ਚੁਣੌਤੀ ਹੈ ਕਿਉਂਕਿ ਹਾਰ ਦੀ ਸਮੀਖਿਆ ਕਰ ਰਹੇ ਅਕਾਲੀ ਦਲ ਵਜੋਂ ਨਿਯੁਕਤ ਕੀਤੇ ਅਬਜ਼ਰਵਰਾਂ ਅੱਗੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਾਰਟੀ ਪ੍ਰਤੀ ਕੱਢੀ ਜਾ ਰਹੀ ਭੜਾਸ ਅਤੇ ‘ਧੜੇਬੰਦੀ’ ਦੇ ਉਭਾਰ ਨਾਲ ਭਵਿੱਖ ‘ਚ ‘ਅਕਾਲੀ ਦਲ’ ਮੁੜ ਵੱਡੀਆਂ ਚੁਣੌਤੀਆਂ ‘ਚ ਘਿਰ ਸਕਦਾ ਹੈ।
ਸ਼ਹਿਰੀ ‘ਸਿੱਖ’ ਆਗੂਆਂ ‘ਚ ਰੋਸ
ਅਕਾਲੀ ਦਲ ਦੀ ਕੋਰ ਕਮੇਟੀ ‘ਚ ਸ਼ਹਿਰੀ ‘ਸਿੱਖ’ ਆਗੂਆਂ ਨੂੰ ਮੈਂਬਰ ਵਜੋਂ ਸ਼ਾਮਲ ਨਾ ਕੀਤੇ ਜਾਣ ਕਾਰਨ ਟਕਸਾਲੀ ਆਗੂਆਂ ‘ਚ ਕਾਫੀ ਰੋਸ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਅਕਾਲੀ ਦਲ’ ਦੇ ਪਾਰਟੀ ਪ੍ਰਧਾਨ ਨੂੰ ਇਸ ਪਾਸੇ ਵੀ ਸੋਚਣ ਦੀ ਲੋੜ ਹੈ ਕਿਉਂਕਿ ਸ਼ਹਿਰਾਂ ‘ਚ ਅਕਾਲੀ ਦਲ ਦੀ ਹਾਲਤ ਦਿਨੋਂ-ਦਿਨ ਪਤਲੀ ਹੁੰਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਮਾਹਿਰਾਂ ਨੇ ਲੁਧਿਆਣਾ ਅਤੇ ਪਟਿਆਲਾ ਸ਼ਹਿਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਾਰ ਬਹੁਤ ਹੀ ਘੱਟ ਵੋਟਾਂ ਨਾਲ ਹੁੰਦੀ ਰਹੀ, ਪ੍ਰੰਤੂ ਹਾਰ ਦਾ ਪਾੜਾ ਵੱਧਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਟਿਆਲਾ ਤੇ ਲੁਧਿਆਣਾ ਤੋਂ ਇਲਾਵਾ ਪੰਜਾਬ ਕਈ ਸ਼ਹਿਰਾਂ ‘ਚ ਅਕਾਲੀ ਦਲ ਦੇ ਕਈ ਧੜੇ ਬਣੇ ਹੋਏ ਹਨ, ਜਿਨ੍ਹਾਂ ਨੇ ਆਪਣਿਆਂ ਖਿਲਾਫ਼ ਹੀ ਮੋਰਚਾ ਖੋਲ੍ਹਿਆ ਹੋਇਆ, ਜਿਸ ਕਾਰਨ ਨੁਕਸਾਨ ਸਿਰਫ ਅਕਾਲੀ ਦਲ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ‘ਚ ਉਮੀਦਵਾਰ ਸੀ.ਐਮ. ਚਿਹਰਾ ਹੋਣ ਕਾਰਨ ਚੁਣੌਤੀ ਜ਼ਰੂਰ ਹੁੰਦੀ, ਪ੍ਰੰਤੂ ਕਦੇ ਵੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਫਰਕ ਨਹੀਂ ਸੀ ਪਿਆ, ਪ੍ਰੰਤੂ ਇਸ ਵਾਰ ਤੀਜੀ ਧਿਰ ਆਪ ਅਤੇ ਅਕਾਲੀ ਐਂਟੀ ਮੁਹਿੰਮ ਹੋਣ ਕਾਰਨ ਨੁਕਸਾਨ ਜ਼ਰੂਰ ਹੋਇਆ, ਪ੍ਰੰਤੂ ‘ਵੋਟ’ ਬੈਂਕ ਦਾ ਗਰਾਫ ਹੇਠਾਂ ਡਿੱਗਣਾ ‘ਧੜੇਬੰਦੀ’ ਦਾ ਉਭਾਰਨਾ ਹੈ, ਜਿਸ ਕਾਰਨ ਸ਼ਹਿਰੀ ‘ਸਿੱਖਾਂ’ ‘ਚ ਅਕਾਲੀ ਦਲ ਦਾ ਪ੍ਰਭਾਵ ਤੇ ਆਧਾਰ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸਿੱਖ’ ਆਗੂਆਂ ਨੂੰ ਨਰਾਜ਼ ਕਰਕੇ ‘ਹਿੰਦੂ’ ਵੋਟ ਬੈਂਕ ਪ੍ਰਭਾਵਤ ਕਰਨ ਲਈ ਅਕਾਲੀ ਦਲ ਕਈ ਤਜਰਬੇ ਕਰਨ ਲੱਗ ਪਿਆ, ਜਿਸ ਨਾਲ ‘ਸਿੱਖਾਂ’ ਦੀ ਰਹਿੰਦੀ ਖੂੰਹਦੀ ਭੁਗਤਦੀ ਵੋਟ ਵੀ ਪ੍ਰਭਾਵਤ ਹੋਣ ਲੱਗ ਪਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਟਿਆਲਾ ਸ਼ਹਿਰੀ ਟਕਸਾਲੀ ਆਗੂਆਂ ‘ਚ ਸਰਦਾਰਾ ਸਿੰਘ ਕੋਹਲੀ, ਮਨਮੋਹਣ ਸਿੰਘ ਬਜਾਜ, ਸਰੂਪ ਸਿੰਘ ਸਹਿਗਲ ਤੋਂ ਇਲਾਵਾ ਕਈ ਆਗੂ ਸ਼ਹਿਰੀ ਲੀਡਰਸ਼ਿਪ ‘ਚ ਇਕ ਕੜੀ ‘ਚ ਪਰੋ ਸਕਦੇ ਸਨ, ਪ੍ਰੰਤੂ ਅਕਾਲੀ ਦਲ ਨੇ ਕਦੇ ਉਨ੍ਹਾਂ ਨੂੰ ਕੋਰ ਕਮੇਟੀ ‘ਚ ਸ਼ਹਿਰੀ ‘ਸਿੱਖ’ ਆਗੂ ਵਜੋਂ ਨਹੀਂ ਲਿਆ। ਅਕਾਲੀ ਦਲ ਵੱਲੋਂ ਨਵੀਂ ਬਣਾਈ ਕੋਰ ਕਮੇਟੀ ਦੇ ਪੁਨਰਗਠਨ ਤੋਂ ਪਹਿਲਾਂ ਕਈ ਸ਼ਹਿਰੀ ‘ਟਕਸਾਲੀ ਆਗੂਆਂ’ ਨੂੰ ਇਹ ਟੇਕ ਸੀ ਕਿ ਅਕਾਲੀ ਦਲ ਕੋਰ ਕਮੇਟੀ ‘ਚ ਕਿਸੇ ਸ਼ਹਿਰੀ ‘ਸਿੱਖ’ ਆਗੂ ਨੂੰ ਜ਼ਰੂਰ ਲਵੇਗਾ, ਪ੍ਰੰਤੂ ਕੋਰ ਕਮੇਟੀ ਟੀਮ ‘ਚ ਕਿਸੇ ਵੀ ਸ਼ਹਿਰੀ ‘ਸਿੱਖ’ ਆਗੂਆਂ ਦੀ ਕੀਤੀ ਗਈ ਅਣਦੇਖੀ ਇਹ ਸਾਬਤ ਕਰਦੀ ਹੈ ਕਿ ਅਕਾਲੀ ਦਲ ‘ਚ ਵੱਖ-ਵੱਖ ਧੜੇ ਅਤੇ ਉਠ ਰਹੀਆਂ ਬਗਾਵਤਾਂ ਲਈ ‘ਅਕਾਲੀ ਦਲ’ ਖੁਦ ਹੀ ਜ਼ਿੰਮੇਵਾਰ ਹੈ।

Leave a Reply

Your email address will not be published. Required fields are marked *