ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ, ਸੁਖਬੀਰ ਲੁਧਿਆਣਾ ਧਰਨਾ ਦੇਣਗੇ
ਧਰਨੇ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਆਗੂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਪੇਸ਼ ਕਰਨਗੇ- ਡਾ. ਚੀਮਾ
ਜੂਨ ਨੂੰ ਸਵੇਰੇ 11 ਵਜੇ ਅਕਾਲੀ-ਭਾਜਪਾ ਦਾ ਉਚ ਪੱਧਰੀ ਵਫਦ ਰਾਜਪਾਲ ਪੰਜਾਬ ਨੂੰ ਮਿਲੇਗਾ।
ਚੰਡੀਗੜ• 10 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ 5 ਮੁੱਖ ਮੁੱਦਿਆਂ ਨੂੰ ਲੈ ਕੇ ਦਿੱਤੇ ਜਾ ਰਹੇ ਜਿਲਾ ਪੱਧਰੀ ਧਰਨਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਆਪ ਲੁਧਿਆਣਾ ਜਿਲੇ ਦੇ ਹੈਡਕੁਆਰਟਰ ਤੇ ਹੋਣ ਵਾਲੇ ਧਰਨੇ ਦੀ ਅਗਵਾਈ ਕਰਨਗੇ। ਇਹਨਾਂ ਧਰਨਿਆਂ ਵਿੱਚ ਹਰ ਜਿਲੇ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਭਾਜਪਾ ਆਗੂ ਅਤੇ ਵਰਕਰ ਸ਼ਾਮਲ ਹੋਣਗੇ। ਇਹ ਦਾਅਵਾ ਅੱਜ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈਸ ਨੂੰ ਜਾਰੀ ਇੱਕ ਲਿਖਤੀ ਬਿਆਨ ਵਿੱਚ ਕੀਤਾ।
ਡਾ. ਚੀਮਾ ਨੇ ਕਿਹਾ ਕਿ ਇਹਨਾ ਧਰਨਿਆਂ ਵਿੱਚ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਕੋਰ ਕਮੇਟੀ ਦੇ ਮੈਂਬਰ, ਮੈਂਬਰ ਪਾਰਲੀਮੈਂਟ, ਵਿਧਾਇਕ, ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਪਾਰਟੀ ਦੀ ਜਥੇਬੰਦੀ ਦੇ ਸੂਬਾ ਅਤੇ ਜਿਲਾ ਪੱਧਰ ਦੇ ਸਾਰੇ ਆਗੂ ਅਤੇ ਵਰਕਰ, ਪੰਜਾਬ ਵਿੱਚ ਦੋਵਾਂ ਪਾਰਟੀਆਂ ਦੇ ਸਥਾਨਕ ਸੰਸਥਾਵਾਂ ਦੇ ਸਾਰੇ ਚੁਣੇ ਹੋਏ ਨੁੰਮਾਇਦੇ ਵੀ ਸ਼ਾਮਲ ਹੋਣਗੇ। ਡਾ. ਚੀਮਾ ਨੇ ਕਿਹਾ ਕਿ ਇਹਨਾਂ ਧਰਨਿਆਂ ਦਾ ਮੁੱਖ ਮਕਸਦ ਪੰਜਾਬ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਦੇ ਲਈ ਅਤੇ ਸੂਬੇ ਦੀ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ ਪਹੁੰਚਾਉਣ ਲਈ ਹੈ। ਉਹਨਾਂ ਕਿਹਾ ਕਿ ਜਿਹਨਾਂ ਮੁੱਖ ਮੁੱਦਿਆਂ ਨੂੰ ਲੈ ਕੇ ਇਹ ਧਰਨੇ ਦਿੱਤੇ ਜਾ ਰਹੇ ਹਨ ਉਹਨਾਂ ਵਿੱਚ ਖੱਡਾਂ ਦੀ ਨਿਲਾਮੀ ਵਿੱਚ ਹੋਇਆ ਵੱਡਾ ਸਕੈਂਡਲ ਜਿਸ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਮ ਖੁੱਲ ਕੇ ਸਾਹਮਣੇ ਆਇਆ ਹੈ, ਉਥੇ 18 ਹੋਰ ਖੱਡਾਂ ਦੀ ਨਿਲਾਮੀ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕੋ-ਇੱਕ ਬੋਲੀਕਾਰ ਦੇ ਨਾਮ ਉਪਰ ਕਰਨ ਅਤੇ ਇਹਨਾਂ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਸ਼ਮੂਲੀਅਤ ਦਾ ਸਕੈਂਡਲ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕਿਸਾਨੀ ਨਾਲ ਨੰਗਾ ਚਿੱਟਾ ਵਿਸ਼ਵਾਸ਼ਘਾਤ ਕਰਨਾ, ਕਰਜਾ ਮੁਆਫੀ ਦੇ ਐਲਾਨ ਤੋਂ ਮੁਕਰਨਾ ਅਤੇ ਕਿਸਾਨ ਖੁਦਕੁਸ਼ੀਆਂ ਵਿੱਚ ਬੇਤਹਾਸ਼ਾ ਵਾਧਾ ਹੋਣਾ ਵੀ ਧਰਨੇ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਣਾ ਅਤੇ ਸਰਕਾਰ ਦਾ ਇਸ ਮਸਲੇ ਉਪਰ ਬੁਰੀ ਤਰਾਂ ਨਾਕਾਮ ਹੋਣਾ ਵੀ ਧਰਨੇ ਦਾ ਅਹਿਮ ਕਾਰਨ ਹੈ। ਇਸਦੇ ਨਾਲ ਹੀ ਸੂਬੇ ਵਿੱਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਅਤੇ ਪੰਜਾਬ ਦੀ ਦਿਨ-ਬ-ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਪੰਜਾਬ ਵਿੱਚ ਫੈਲੇ ਜੰਗਲ ਰਾਜ ਨੂੰ ਰੋਕਣਾ ਵੀ ਇਸ ਧਰਨੇ ਦਾ ਖਾਸ ਮਨੋਰਥ ਹੈ।
ਡਾ. ਚੀਮਾ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਵਲੋਂ ਹੇਠਲੇ ਪੱਧਰ ਤੇ ਧਰਨਿਆਂ ਨੂੰ ਕਾਮਯਾਬ ਕਰਨ ਵਾਸਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਮੀਟਿੰਗਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਉਹਨਾਂ ਕਿਹਾ ਕਿ ਧਰਨੇ ਤੋਂ ਬਾਅਦ ਦੋਵਾਂ ਪਾਰਟੀਆਂ ਦਾ ਇੱਕ ਸਾਂਝਾ ਵਫਦ ਹਰ ਜਿਲੇ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਾਂਝੇ ਤੌਰ ਤੇ ਵਿਸਥਾਰਿਤ ਮੈਮੋਰੰਡਮ ਪੇਸ਼ ਕਰੇਗਾ। ਉਹਨਾ ਕਿਹਾ ਕਿ ਧਰਨੇ ਬਿਲਕੁਲ ਸ਼ਾਂਤਮਈ ਹੋਣਗੇ। ਡਾ. ਚੀਮਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਧਰਨਿਆਂ ਦੀ ਲੜੀ ਵਿੱਚ ਅਗਲੇ ਪੜਾਅ ਵਿੱਚ 13 ਜੂਨ ਨੂੰ ਦੋਵਾਂ ਪਾਰਟੀਆਂ ਦੇ ਕੋਰ ਕਮੇਟੀ ਦੇ ਆਗੂ, ਮੈਂਬਰ ਪਾਰਲੀਮੈਂਟ, ਵਿਧਾਇਕ ਸਹਿਬਾਨ ਸਾਂਝੇ ਤੌਰ ਤੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਅਤੇ ਇਸ ਕਾਂਡ ਦੀ ਜਾਂਚ ਸੀ.ਬੀ.ਆਈ/ਈ.ਡੀ ਅਤੇ ਇਨਕਮ ਟੈਕਸ ਤੋਂ ਕਰਵਾਉਣ ਲਈ ਬੇਨਤੀ ਕਰੇਗਾ।

