ਠੇਕੇ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਕੀਤੇ ਮੁੱਖ ਮੰਤਰੀ ਦੀ ਮੀਟਿੰਗ ਦੇ ਵਾਅਦੇ ਤੋਂ ਭੱਜੀ ਸਰਕਾਰ
ਮੋਰਚੇ ਵੱਲੋ’ ਸਰਕਾਰ ਨੂੰ 27 ਤੱਕ ਦਾ ਅਲਟੀਮੇਟਮ
ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦਾ ਕੀਤਾ ਜਾਵੇਗਾ ਐਲਾਨ
ਪਟਿਆਲਾ 13 ਜੂਨ (ਮਧੂਸਾਰ ਬਿਊਰੋ) ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀ 9 ਜੂਨ ਨੂੰ ਪਟਿਆਲਾ ਵਿਖੇ ਰੋਸ ਰੈਲੀ ਕੀਤੀ ਗਈ। ਜਿਸ ਉਪਰੰਤ ਪਟਿਆਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸਿੰਘ ਸੰਧੂ ਰਾਹੀਂ ਮੀਟਿੰਗ ਕਰਾਉਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ। ਦਿੱਤੇ ਭਰੋਸੇ ਤੇ ਮੋਰਚੇ `ਚ ਸਾਮਿਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਪਹੁੰਚ ਓ.ਐੱਸ.ਡੀ. ਸੰਦੀਪ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਗਈ। ਓ.ਐੱਸ.ਡੀ.ਵੱਲੋਂ ਮੁੱਖ ਮੰਤਰੀ ਪੰਜਾਬ ਕੋਲ ਅਜੇ ਸਮਾਂ ਨਾ ਹੋਣ ਦੀ ਗੱਲ ਕਹੀ ਗਈ।
ਲੇਕਿਨ ਪਟਿਆਲਾ ਪ੍ਰਸ਼ਾਸਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਇਹ ਵਾਅਦਾ ਕੀਤਾ ਸੀ ਕਿ ਓ.ਐੱਸ.ਡੀ. ਨਾਲ ਮੀਟਿੰਗ ਹੋਣ ਉਪਰੰਤ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤਹਿ ਕਰਵਾਇਆ ਜਾਵੇਗਾ। ਪ੍ਰਸ਼ਾਸਨ ਦੇ ਭਰੋਸੇ ਉਪਰੰਤ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮਿਤੀ 9 ਜੂਨ 2017 ਨੂੰ ਮੁੱਖ ਮੰਤਰੀ ਦੀ ਰਿਹਾਇਸ ਤੱਕ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕੀਤਾ ਗਿਆ ਸੀ। ਮੋਰਚੇ ਦੇ ਆਗੂਆਂ ਨੇ ਓ.ਐੱਸ.ਡੀ. ਦੀ ਮੀਟਿੰਗ ਦੌਰਾਨ ਹੋਈ ਗੱਲਬਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਹੋਰ ਮੰਗਾਂ ਸੰਬੰਧੀ ਗੰਭੀਰ ਨਹੀਂ ਹੈ। ਘਰ-ਘਰ ਕੀਤੇ ਨੌਕਰੀ ਦੇ ਵਾਅਦਿਆਂ ਤੋਂ ਮੁੱਕਰਦੀ ਨਜਰ ਆ ਰਹੀ ਹੈ। ਪਿਛਲੀ ਸਰਕਾਰ ਵਾਂਗ ਠੇਕਾ ਮੁਲਾਜ਼ਮਾਂ ਦੇ ਸੋਸ਼ਣ ਅਤੇ ਛਾਂਟੀਆਂ ਦਾ ਦੌਰ ਜਾਰੀ ਹੈ। ਮੁੱਖ ਮੰਤਰੀ ਦੇ ਓ.ਐੱਸ.ਡੀ. ਵੱਲੋਂ ਮੋਰਚੇ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ 23 ਜੂਨ ਤੋਂ 25 ਜੂਨ ਤੱਕ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਮੋਰਚੇ ਨਾਲ ਆਪਣੇ ਦਿੱਤੇ ਭਰੋਸੇ ਅਨੁਸਾਰ ਮੀਟਿੰਗ ਨਹੀਂ ਕਰਦੀ ਤਾਂ 27 ਜੂਨ ਤੋਂ ਬਾਅਦ ਮੋਰਚੇ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਰਿੰਦਰ ਸਿੰਘ ਮੋਮੀ, ਦੀਦਾਰ ਸਿੰਘ ਮੁੱਦਕੀ, ਰੇਸ਼ਮ ਸਿੰਘ ਗਿੱਲ, ਬਲਿਹਾਰ ਸਿੰਘ, ਰਜਿੰਦਰ ਸਿੰਘ, ਮੀਨਾਕਸ਼ੀ ਗੋਇਲ, ਸ਼ੇਰ ਸਿੰਘ ਖੰਨਾ, ਮਾਨ ਸਿੰਘ ਪੋਲਾ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਵਰਿੰਦਰ ਸਿੰਘ ਮਨਰੇਗਾ, ਕੁਲਦੀਪ ਸਿੰਘ , ਰਣਜੀਤ ਸਿੰਘ, ਵੀਰਪਾਲ ਕੌਰ ਸਿਧਾਣਾ, ਜਸਪਾਲ ਸਿੰਘ, ਚੰਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਗਗਨ ਆਦਿ ਮੈਂਬਰ ਹਾਜ਼ਰ ਸਨ।

