ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡੇ ਉਪਰਾਲੇ ਕੀਤੇ- ਰਾਜੂ ਖੰਨਾ
ਸ਼ਾਂਤੀ ਨਗਰ ਵਿਚ ਕੀਤਾ ਜਿੰਮ ਦਾ ਉਦਘਾਟਨ
ਮੰਡੀ ਗੋਬਿੰਦਗੜ੍ਹ, 19 ਜੂਨ (ਮਧੂਸਾਰ ਬਿਊਰੋ) ਪੰਜਾਬ ਦੀ ਨੌਜਵਾਨੀ ਨੂੰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਡੇ ਵੱਡੇ ਉਪਰਾਲੇ ਹੀ ਨਹੀਂ ਕੀਤੇ ਗਏ ਸਗੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਬਣੇ ਹਰ ਇੱਕ ਯੂਥ ਕਲੱਬ ਨੂੰ ਖੇਡ ਕਿਟਾਂ ਅਤੇ ਜਿੰਮ ਦਾ ਸਮਾਨ ਵੀ ਦਿੱਤਾ ਗਿਆ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਨਵੇਂ ਬਣੇ ਜਿੰਮ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪਾਸ ਖੇਡ ਵਿਭਾਗ ਵੀ ਸੀ ਵੱਲੋਂ ਖਿਡਾਰੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵੀ ਯੋਗ ਉਪਰਾਲੇ ਕੀਤੇ ਗਏ ਸਨ ਜਿਨ੍ਹਾਂ ਵੱਲੋਂ ਅੰਤਰਾਸ਼ਟਰੀ, ਰਾਸ਼ਟਰੀ ਤੇ ਸੂਬਾ ਪੱਧਰ ਤੇ ਨਾਮਣਾ ਖੱਟਣ ਅਤੇ ਮੈਡਲ ਪ੍ਰਾਪਤ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀਆਂ ਹੀ ਨਹੀਂ ਦਿੱਤੀਆਂ ਗਈਆਂ ਸਨ ਸਗੋਂ ਕਰੋੜਾਂ ਰੁਪਏ ਦੀਆਂ ਨਕਦ ਰਾਸ਼ੀਆਂ ਦੇ ਕੇ ਵੀ ਖਿਡਾਰੀਆਂ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਗਿਆ ਸੀ। ਰਾਜੂ ਖੰਨਾ ਨੇ ਕਿਹਾ ਕਿ ਉੁਨ੍ਹਾਂ ਵੱਲੋਂ ਹਲਕੇ ਅੰਦਰ ਗੁਰ ਅਸ਼ੀਸ਼ ਚੈਰੀਟੇਬਲ ਟਰਸਟ ਚਲਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਸਮਾਜ ਸੇਵਾ ਕਰਨਾ ਹੈ ਇਸ ਟਰਸਟ ਰਾਹੀਂ ਉਨ੍ਹਾਂ ਵੱਲੋਂ ਜਿਥੇ ਹਲਕੇ ਅੰਦਰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਮੇਂ ਸਮੇਂ ਤੇ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਉਥੇ ਯੂਥ ਕਲੱਬਾਂ ਨੂੰ ਖੇਡਾਂ ਦਾ ਸਮਾਨ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਰੁੱਖ ਲਗਾਓ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਹਲਕੇ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਇਸ ਟਰਸਟ ਨਾਲ ਜੁੜ ਕੇ ਹਲਕੇ ਦੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਕਿਸੇ ਵੀ ਲੋੜਵੰਦ ਵਿਅਕਤੀ ਦੀ ਸਮੇਂ ਸਿਰ ਮਦਦ ਹੋ ਸਕੇ। ਇਸ ਮੌਕੇ ਤੇ ਕੌਂਸਲਰ ਗੁਰਬਖਸ਼ ਸਿੰਘ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਇਹ ਜਿੰਮ ਸ਼ਾਂਤੀ ਨਗਰ ਦੇ ਨੌਜਵਾਨਾਂ ਨੂੰ ਦੇਣ ਤੇ ਧੰਨਵਾਦ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਯੂਥ ਆਗੂ ਯਸ਼ ਵਰਮਾ, ਹਰਮਨ ਟਿਵਾਣਾ, ਸਤਨਾਮ ਸਿੰਘ, ਜਗਮੇਲ ਸਿੰਘ, ਦਰਸ਼ਨ ਸਿੰਘ ਦੱਲੂ, ਮਨੀ ਫੌਜੀ, ਯੂਥ ਆਗੂ ਵਿੱਕੀ ਚਾਹਲ, ਹਰੀ ਓਮ, ਰਣਧੀਰ ਸਿੰਘ ਪੱਪੀ, ਗੁਰਮਨ ਢੀਂਡਸਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਂਤੀ ਨਗਰ ਦੇ ਨੌਜਵਾਨ ਹਾਜਰ ਸਨ।

