ਬਾਰਵੀਂ ਦੀਆਂ ਰੀਅਪੀਅਰ ਪ੍ਰੀਖਿਆਵਾਂ ਸੁਚਾਰੂ ਢੰਗ ਨਾਲ ਮੁਕੰਮਲ
ਪਟਿਆਲਾ 23 ਜੂਨ (ਮਧੂਸਾਰ ਬਿਊਰੋ) ਜਿਲ੍ਹੇ ਸਿੱਖਿਆ ਅਫਸਰ (ਸ) ਪਟਿਆਲਾ ਵਲੋਂ ਰੀਅਪੀਅਰ ਦੀਆਂ ਪ੍ਰੀਖਿਆਵਾਂ ਲਈ ਮੁਕੰਮਲ ਪ੍ਰਬੰਧ ਕਰਨ ਉਪਰੰਤ ਅੱਜ ਬਾਰਵੀਂ ਦੀਆਂ ਪ੍ਰੀਖਿਆਵਾਂ ਨੁੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਗਿਆ।
ਜਾਣਕਾਰੀ ਦਿੰਦਿਆਂ ਉਪ ਜਿਲ੍ਹਾ ਸਿੱਖਿਆ ਅਫਸਰ (ਸ), ਪਟਿਆਲਾ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ ਵੱਖ ਕੇਂਦਰਾਂ ਵਿੱਚ ਨਕਲ ਰਹਿਤ ਪ੍ਰੀਖਿਆ ਲਈ ਅਬਜਰਵਰਾਂ ਦੀ ਤਾਇਨਾਤੀ ਦੇ ਨਾਲ ਨਾਲ ਮੰਡਲ ਸਿੱਖਿਆ ਅਫਸਰ ਸ਼੍ਰੀ ਮਤੀ ਨਿਸ਼ੀ ਜਲੋਟਾ, ਜਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਸ਼੍ਰੀ ਸੰਜੀਵ ਕੁਮਾਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸ) ਸੰਜੀਵ ਕੁਮਾਰ ਬਾਂਸਲ ਦੀ ਅਗਵਾਈ ਹੇਠ ਵਿਸ਼ੇਸ਼ ਉੱਡਣ ਦਸਤਿਆਂ ਦੀ ਪੈਨੀ ਨਜਰ ਰਹੀ। ਉਪ ਜਿਲ੍ਹਾ ਸਿੱਖਿਆ ਅਫਸਰ (ਸ) ਸੰਜੀਵ ਬਾਂਸਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ, ਬੀ. ਐਨ. ਖਾਲਸਾ ਸੀ. ਸੈ. ਸਕੂਲ ਸਰਹੰਦ ਰੋਡ, ਵੀਰ ਹਕੀਕਤ ਰਾਏ ਸੀ. ਸੈ. ਸਕੂਲ, ਨਿਊਂ ਪਾਵਰ ਹਾਊਸ ਸੀ. ਸੈ. ਸਕੂਲ ਅਤੇ ਪੁਰਾਣੀ ਪੁਲਿਸ ਲਾਈਨਜ ਸੀ. ਸੈ. ਸਕੂਲ ਵਿਖੇ ਨਿਰਿਖਣ ਉਪਰੰਤ ਸਮੂਹ ਕੇਂਦਰਾਂ ਵਿੱਚ ਪ੍ਰੀਖਿਆ ਪ੍ਰਬੰਧ ਦਰੁਸਤ ਪਾਏ ਗਏ ਅਤੇ ਕੋਈ ਵੀ ਅਣਉਚਿਤ ਸਮੱਗਰੀ ਨਹੀਂ ਪ੍ਰਾਪਤ ਹੋਈ। ਬਾਂਸਲ ਨੇ ਕਿਹਾ ਕਿ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਇਸ ਸਾਲ ਬਾਰਵੀਂ ਦੀਆਂ ਰੀਅਪੀਅਰ ਪ੍ਰੀਖਿਆਵਾਂ ਸਮੇਂ ਤੇ ਕਰਵਾ ਕੇ ਜਲਦੀ ਹੀ ਨਤੀਜਿਆਂ ਦੇ ਐਲਾਨ ਦਾ ਕਦਮ ਅਤਿ ਸ਼ਲਾਘਾਯੋਗ ਹੈ। ਇਸ ਨਾਲ ਸੂਬੇ ਦੇ ਵਿਦਿਆਰਥੀਆਂ ਨੂੰ ਜਿੱਥੇ ਅਗਲੇਰੇ ਦਾਖਲਿਆਂ ਲਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉੱਥੇ ਹੀ ਵਿਦਿਆਰਥੀਆਂ ਦੀ ਪੜਾਈ ਵੀ ਨਿਰੰਤਰ ਜਾਰੀ ਰਹਿ ਸਕੇਗੀ।

