ਹੜ੍ਹ ਰੋਕੂ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੀਤੀ ਮੀਟਿੰਗ, ਦੋ ਦਿਨਾਂ ਬਾਅਦ ਕੀਤੀ ਜਾਵੇਗੀ ਮੌਕੇ ‘ਤੇ ਜਾਂਚ
ਪਟਿਆਲਾ, 23 ਜੂਨ (ਮਧੂਸਾਰ ਬਿਊਰੋ) ਮੌਨਸੂਨ ਦੇ ਦਿਨਾਂ ਵਿੱਚ ਤੇਜ ਹੋਣ ਵਾਲੀਆ ਬਰਸਾਤਾਂ ਅਤੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੜ੍ਹ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਉਹਨਾਂ ਦੀ ਡਿਊਟੀ ਅਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖੁਦ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਅਗਲੇ ਦੋ ਦਿਨਾਂ ਬਾਅਦ ਮੌਕੇ ‘ਤੇ ਜਾ ਕੇ ਜਾਂਚ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਜਾਸਟਰ ਮੈਨੇਜਮੈਂਟ ਪਲਾਨ ਬਣਾਉਣ ਤੋਂ ਇਲਾਵਾ ਸਾਰਿਆਂ ਅਧਿਕਾਰੀਆਂ ਦੇ ਫੋਨ ਨੰਬਰ ਅਤੇ ਜ਼ਿੰਮੇਵਾਰੀਆਂ ਬਾਰੇ ਇੱਕ ਬੁੱਕਲੈਟ ਤਿਆਰ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਦੇ ਸਾਰੇ ਪ੍ਰਮੱਖ ਅਧਿਕਾਰੀਆਂ ਕੋਲ ਇਹ ਬੁੱਕਲੈਟ ਹੋਵੇਗੀ ਜੇਕਰ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਆਪਸ ਵਿੱਚ ਤਾਲਮੇਲ ਕਰਕੇ ਜਾਨ ਮਾਲ ਦਾ ਨੁਕਸਾਨ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਥੇ ਕਿਤੇ ਵੀ ਨਦੀ ਨਾਲਿਆਂ ਦੀ ਸਫਾਈ ਦੀ ਲੋੜ ਹੈ ਉਥੇ ਮਨਰੇਗਾ ਦੇ ਵਰਕਰਾਂ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਹ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 189 ਪਿੰਡਾਂ ਅਤੇ ਰਾਜਪੁਰਾ ਘਨੌਰ, ਸਨੌਰ, ਸਮਾਣਾ ਅਤੇ ਪਾਤੜਾਂ ਦੇ ਇਲਾਕਿਆਂ ਵਿੱਚ ਹੜ੍ਹ ਨੂੰ ਰੋਕਣ ਅਤੇ ਬਰਸਾਤਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆ ਅਤੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮਿੰਨੀ ਸਕੱਤਰੇਤ ਵਿਖੇ ਏ ਬਲਾਕ ਦੀ ਦੂਜੀ ਮੰਜਿਲ ਦੇ ਕਮਰਾ ਨੰਬਰ 332 ਨੂੰ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਲਈ 0175-2350249 ਫੋਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਵਧੀਕ ਸਹਾਇਕ ਕਮਿਸ਼ਨਰ ਸ਼੍ਰੀ ਲਾਲ ਵਿਸ਼ਵਾਸ਼, ਐਸ.ਡੀ. ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਰਾਜਪੁਰਾ ਸ਼ੀ੍ਰ ਸੰਜੀਵ ਕੁਮਾਰ, ਐਸ.ਡੀ.ਐਮ. ਸਮਾਣਾ ਲੈਫਟੀਨੈਂਟ ਕਰਨਲ ਸ਼੍ਰੀ ਮਨਜੀਤ ਸਿੰਘ ਚੀਮਾਂ, ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਰਸ਼ਦੀਪ ਸਿੰਘ ਥਿੰਦ, ਡਰੇਨਿਜ ਵਿਭਾਗ ਦੇ ਐਕਸੀਅਨ ਇੰਜ: ਦਵਿੰਦਰ ਸਿੰਘ ਅਤੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ, ਫੌਜ ਅਤੇ ਪੁਲਿਸ ਦੇ ਅਧਿਕਾਰੀ ਵੀ ਹਾਜ਼ਰ ਸਨ।

