ਸਿਵਲ ਸਰਜਨ ਡਾਇਰੀਆ, ਚਿਕਨਗੁਨੀਆ ਅਤੇ ਡੇਂਗੂ ਮਾਮਲਿਆਂ ਦੀ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਨ: ਬ੍ਰਹਮ ਮਹਿੰਦਰਾ
ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਉਪਲਬਧਤਾ ਯਕੀਨੀ ਕਰਨ
ਚੰਡੀਗੜ੍ਹ, 30 ਜੂਨ (ਮਧੂਸਾਰ ਬਿਊਰੋ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਡਾਇਰੀਆ, ਚਿਕਨਗੁਨੀਆ ਅਤੇ ਡੇਂਗੂ ਫੈਲਣ ਦੇ ਮਾਮਲਿਆਂ ਸਬੰਧੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਜਾਣਕਾਰੀ ਦਿੰਦੀਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਡਾਇਰੀਆ, ਚਿਕਨਗੁਨਿਆ ਅਤੇ ਡੇਂਗੂ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਉਪਲਬਧਤਾ ਯਕੀਨੀ ਤੌਰ ਤੇ ਕਰਨ।ਉਨ੍ਹਾਂ ਕਿਹਾ ਕਿ ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗ ਸੰਯੁਕਤ ਰੂਪ ‘ਚ ਇਨ੍ਹਾਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾ ਰਹੇ ਹਨ। ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਹ ਆਪ ਨਿਜੀ ਤੌਰ ਤੇ ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਨਾਲ ਗੱਲ ਕਰਨਗੇ ਅਤੇ ਜਲਦ ਹੀ ਰਾਜ ਪੱਧਰ ਦੀਆਂ ਟੀਮਾਂ ਜ਼ਿਲ੍ਹਿਆਂ ਦਾ ਦੌਰਾ ਕਰਕੇ ਸਬੰਧਤ ਵਿਭਾਗਾਂ ਦੀ ਕਾਰਗੁਜਾਰੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਉਹ ਡਾਇਰੀਆ, ਚਿਕਨਗੁਨੀਆ ਅਤੇ ਡੇਂਗੂ ਪ੍ਰਭਾਵਿਤ ਇਲਾਕਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਡਾਇਰੀਆ ਪ੍ਰਭਾਵਿਤ ਇਲਾਕੇ ਫਿਲੌਰ (ਜਲੰਧਰ), ਗਿਆਸਪੁਰ (ਲੁਧਿਆਣਾ) ਅਤੇ ਨੂਰਪੁਰਬੇਦੀ (ਰੋਪੜ) ਤੋਂ ਬਿਮਾਰੀਆਂ ਨੂੰ ਕਾਬੂ ਕਰਨ ਸਬੰਧੀ ਚੁੱਕੇ ਕਦਮ ਅਤੇ ਮਰੀਜ਼ਾਂ ਦੇ ਸਿਹਤ ਸਬੰਧੀ ਸੂਚਨਾ ਲਗਾਤਾਰ ਸੂਚਨਾ ਹਾਸਲ ਕਰ ਰਹੇ ਹਨ। ਜ਼ਦਕਿ ਇਨ੍ਹਾਂ ਇਲਾਕਿਆਂ ਵਿਚੋਂ ਵੱਡੀ ਗਿਣਤੀ ਵਿਚ ਡਾਇਰੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣ ਤਕ ਫਿਲੌਰ ਵਿਖੇ ਡਾਇਰੀਆ ਕਾਰਨ ਦੋ ਮੌਤਾਂ ਦਰਜ਼ ਕੀਤੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਲੈਬ ਟੈਸਟਿੰਗ ਰਿਪੋਰਟ ਤੋਂ ਸਾਬਿਤ ਹੋਇਆ ਹੈ ਕਿ ਇਹ ਮੌਤਾਂ ਗੰਦਾ ਪਾਣੀ ਪੀਣ ਕਰਕੇ ਇਨਫੈਕਸ਼ਨ ਕਾਰਨ ਹੋਈਆਂ ਹਨ। ਪ੍ਰਭਾਵਿਤ ਇਲਾਕਿਆਂ ਵਿਚ ਹਾਲਾਤਾਂ ਨੂੰ ਕਾਬੂ ਕਰਨ ਲਈ ਸਬੰਧਤ ਮਿਊਂਸਿਪਲ ਕਾਊਂਸਲਾਂ ਵੱਲੋਂ ਟੈਂਕਰਾਂ ਦੁਆਰਾ ਪੀਣ ਵਾਲਾ ਪਾਣੀ ਮੁਹੱਇਆ ਕਰਵਾਈਆ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਡੇਂਗੂ ਅਤੇ ਚਿਕਨਗੁਨਿਆ ਦੇ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਡੇਂਗੂ ਦੇ 4 ਮਾਮਲੇ (1 ਫਰੀਦਕੋਟ, 1 ਮੋਗਾ, 1 ਹੁਸ਼ਿਆਰਪੁਰ ਅਤੇ 1 ਪਟਿਆਲਾ) ਅਤੇ 6 ਚਿਕਨਗੁਨਿਆ (1 ਫਤਹਿਗੜ੍ਹ ਸਾਹਿਬ, 1 ਗੁਰਦਾਸਪੁਰ, 1 ਹੁਸ਼ਿਆਰਪੁਰ, 2 ਲੁਧਿਆਣਾ ਅਤੇ 1 ਪਟਿਆਲਾ) 29 ਜੂਨ, 2017 ਦਰਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਡੇਂਗੂ ਅਤੇ ਚਿਕਨਗੁਨਿਆ ਨੂੰ ਕਾਬੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਡੇਂਗੂ ਵਾਰਡ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਡੇਂਗੂ ਮਰੀਜ਼ਾਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਸਰਕਾਰੀ ਹਸਪਤਾਲਾਂ ਵਿਚ ਮੁਫਤ (ਖੂਨ ਅਤੇ ਪਲੇਲੈਟਸ ਤੋਂ ਬਿਨਾਂ ) ਇਲਾਜ ਮੁਹੱਇਆ ਕਰਵਾਇਆ ਜਾ ਰਿਹਾ ਹੈ।

