ਪਟਿਆਲਾ

ਕਿਸਾਨਾਂ ‘ਤੇ ਟੈਕਸਾਂ ਦਾ ਬੋਝ ਪਾਉਣ ਦੀ ਬਜਾਏ ਕੇਂਦਰ ਸਵਾਮੀਨਾਥਨ ਰਿਪੋਰਟ ਲਾਗੂ ਕਰੇ : ਸ਼ਾਦੀਪੁਰ

ਭੁੱਨਰਹੇੜੀ 1 ਜੁਲਾਈ (ਧਨਵੰਤ ਸਿੰਘ)
ਕੇਂਦਰ ਸਰਕਾਰ ਵੱਲੋਂ ਨੋਟਬੰਦੀ ਦੇ ਕੀਤੇ ਫੈਸਲੇ ਤੋਂ ਬਾਅਦ ਜੀ ਐਸ ਟੀ ਬਿੱਲ ਲਿਆ ਕੇ ਮੁੜ ਭੰਬਲਭੂਸੇ ਵੀ ਸਥਿਤੀ ਬਣਾ ਦਿੱਤੀ ਗਈ ਹੈ, ਪ੍ਰੰਤੂ ਕਿਸਾਨਾਂ ਨਾਲ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀ ਮੋਦੀ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਪਿੱਛੇ ਹਟਣ ਨਾਲ ਦੇਸ਼ ਭਰ ਦੇ ਕਿਸਾਨਾਂ ‘ਚ ਰੋਸ ਦੀ ਲਹਿਰ ਉਠ ਖੜੀ ਹੋਈ ਹੈ।

ਇਹ ਪ੍ਰਗਟਾਵਾ ਕੌਮਾਂਤਰੀ ਕਿਸਾਨ ਜਕੇਬੰਦੀ ਦੇ ਪ੍ਰਧਾਨ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੰਦਹਾਲੀ ਦੀ ਸਥਿਤੀ ਵਿਚੋਂ ਲੰਘ ਰਹੇ ਹਨ ਅਤੇ ਆਤਮ ਹੱਤਿਆ ਕਰਨ ਲਈ ਉਨ੍ਹਾਂ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ‘ਤੇ ਹੋਰ ਬੋਝ ਪਾਉਂਦਿਆਂ ਜੀ ਐਸ ਟੀ ਬਿੱਲ ਲਿਆ ਕੇ ਕਿਸਾਨਾਂ ਦੀ ਵਰਤੋਂ ‘ਚ ਆਉਂਦੀਆਂ ਕੀਟਨਾਸ਼ਕ ਦਵਾਈਆਂ ‘ਤੇ 5 ਫੀਸਦੀ ਤੋਂ 18 ਫੀਸਦੀ ਖਾਦ ਉਪਰ 12 ਫੀਸਦੀ ਟੈਕਸ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਖਰਚੇ ਘਟਣ ਦੀ ਬਜਾਏ ਵਾਧੂ ਖਰਚਿਆਂ ਦਾ ਭਾਰ ਕਿਸਾਨਾਂ ‘ਤੇ ਪਾ ਕੇ ਕਿਸਾਨਾਂ ਦਾ ਕੰਚੂਮਰ ਕੱਢਣਾ ਚਾਹੁੰਦੀ ਹੈ।
ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਜੋ ਖੇਤੀ ਧੰਦੇ ਰਾਹੀਂ ਆਪਣਾ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ ਉਸ ਨੂੰ ਕਰਜ਼ੇ ਦੀ ਮਾਰ ਅਤੇ ਟੈਕਸਾਂ ਦੇ ਬੋਝ ਹੇਠ ਦੱਬਣ ਲਈ ਨਵੇਂ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਖੇਤੀ ਹਾਸ਼ੀਏ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਖਰਚਿਆਂ ‘ਤੇ ਆਮਦਨ ਲਾਗਤ ਘੱਟ ਰਹੀ ਹੈ ਅਤੇ ਕੇਂਦਰ ਦੀ ਸਰਕਾਰ ਟੈਕਸਾਂ ਰਾਹੀਂ ਕਿਸਾਨਾਂ ਨੂੰ ਪ੍ਰਭਾਵਤ ਕਰ ਰਹੀ ਹੈ। ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਵਾਮੀਨਾਥਨ ਰਿਪੋਰਟ ਤੁਰੰਤ ਲਾਗੂ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।

Leave a Reply

Your email address will not be published. Required fields are marked *