ਸ਼੍ਰੋਮਣੀ ਕਮੇਟੀ ਨੇ ਸਿੱਖ ਮੁੱਦਿਆਂ ਨੂੰ ਵਿਸਾਰਿਆ : ਪੰਜਾਬ ਸਿੱਖ ਕੌਂਸਲ
ਮੱਧ ਪ੍ਰਦੇਸ਼ ਸਿਕਲੀਗਰ ਸਿੱਖਾਂ ਦੇ ਮਾਮਲੇ ‘ਚ ਐਸ.ਜੀ.ਪੀ.ਸੀ ‘ਤੇ ਕੋਈ ਵਕੀਲ ਨਾ ਕਰਨ ਦਾ ਦੋਸ਼
ਦਹਾਕਿਆਂ ਤੋਂ ਜੇਲ੍ਹਾਂ ‘ਚ ਬੇਠੈ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਵੀ ਸ਼੍ਰੋਮਣੀ ਕਮੇਟੀ ਨੂੰ ਘੇਰਿਆ
ਪਟਿਆਲਾ, ਪੰਜਾਬ ਸਿੱਖ ਕੌਂਸਲ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ‘ਤੇ ਤਿੱਖੇ ਹਮਲੇ ਕਰਦਿਆ ਕਮੇਟੀ ਨੂੰ ਪਰਿਵਾਰਵਾਦ ਅਤੇ ਰਾਜਨੀਤੀ ਦੀ ਭੇਟ ਚੜਾਏ ਜਾਣ ਦਾ ਦੋਸ਼ ਲਾਇਆ ਹੈ। ਕੋਂਸਲ ਦੇ ਪ੍ਰਧਾਨ ਮਨਮੋਹਨ ਸਿੰਘ ਕਰਤਾਰਪੁਰ, ਜਥੇਦਾਰ ਗੁਰਚਰਨ ਸਿੰਘ, ਸਤਪਾਲ ਸਿੰਘ, ਬਲਦੇਵ ਸਿੰਘ ਅਤੇ ਸੰਤੋਖ ਸਿੰਘ ਮਵੀ ਨੇ ਕਿਹਾ ਕਿ ਪ੍ਰੋ. ਬਡੂੰਗਰ ਆਪਣੇ ਅਹੁਦੇ ਦੀ ਤੋਹੀਨ ਕਰ ਰਹੇ ਹਨ।
ਪੰਜਾਬ ਸਿੱਖ ਕੌਂਸਲ ਦੇ ਆਗੂਆਂ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਦੇ ਅਹੁਦੇ ਤੇ ਰਹਿੰਦੇ ਹੋਏ ਉਨ੍ਹਾਂ ਨੇ ਪਛੜੀਆਂ ਸ਼੍ਰੇਣੀਆਂ ਦੇ ਚੇਅਰਮੈਨ ਦਾ ਅਹੁਦਾ ਵੀ ਸੰਭਾਲਿਆ ਹੋਇਆ ਹੈ, ਜਦ ਕਿ ਐੱਸ. ਜੀ. ਪੀ. ਸੀ. ਐਕਟ ‘ਚ ਇਸ ਤਰ੍ਹਾਂ ਕਰਨ ‘ਤੇ ਮਨਾਹੀ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਸ੍ਰੋਮਣੀ ਕਮੇਟੀ ਪਰਿਵਾਰਵਾਦ ਦੀ ਭੇਂਟ ਚੜਦੀ ਜਾ ਰਹੀ ਹੈ, ਜਿਸ ਦੇ ਤਹਿਤ ਪ੍ਰਧਾਨ ਸਮੇਤ ਕਈ ਹੋਰਨਾ ਆਗੂਆਂ ਦੇ ਪ੍ਰਵਾਰਕ ਮੈਂਬਰ ਸ੍ਰੋਮਣੀ ਕਮੇਟੀ ਅਤੇ ਉਸ ਦੇ ਸਿੱਖਿਆ ਅਦਾਰਿਆਂ ਵਿਚ ਉਚ ਪਦਵੀਆਂ ਤੇ ਬਿਰਾਜਮਾਨ ਹੋ ਕੇ ਮੋਟੀਆਂ ਤਨਖਾਹਾਂ ਵਸੂਲ ਰਹੇ ਹਨ ਅਤੇ ਸੰਗਤਾਂ ਦੇ ਚੜਾਵੇ ਦੇ ਦੁਰਉਪਯੋਗ ਕਰ ਰਹੇ ਹਨ। ਜਦਕਿ ਦੂਜੇ ਪਾਸੇ ਧਰਮੀ ਫੌਜੀਆਂ ਦੇ ਪ੍ਰਵਾਰ ਇਕ ਟਾਇਮ ਰੋਟੀ ਤੋਂ ਵੀ ਮੁਹਥਾਜ ਹੋਏ ਫਿਰ ਰਹੇ ਹਨ।
ਕੋਂਸਲ ਆਗੂਆਂ ਨੇ ਕਿਹਾ ਕਿ ਮੱਧ ਪ੍ਰਦੇਸ ਵਿਖੇ ਸੈਂਕੜੇ ਸਿਕਲੀਗਰ ਸਿੱਖ ਜਿਨ੍ਹਾਂ ਨੂੰ ਉਥੋਂ ਦੀ ਸਰਕਾਰ ਨੇ ਵੱਖ-ਵੱਖ ਕੇਸਾਂ ਵਿਚ ਜੇਲ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਬੇਸ਼ਕ ਸ੍ਰੋਮਣੀ ਕਮੇਟੀ ਨੇ ਇਕ ਕਮੇਟੀ ਬਣਾਈ ਅਤੇ ਉਥੋਂ ਦਾ ਦੌਰਾ ਕਰਵਾਇਆ ਸੀ, ਪਰ ਅਜ ਤੱਕ ਇਨ੍ਹਾ ਸਿੱਖਾਂ ਦੇ ਮਾਮਲੇ ਵਿਚ ਕਮੇਟੀ ਨੇ ਵਕੀਲ ਤੱਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਬ੍ਰਿਟਸ ਸਿੱਖ ਕੌਂਸਲ ਨੈ 12 ਵਕੀਲ ਕੀਤੇ ਹੌਏ ਹਨ, ਜਿਨ੍ਹਾਂ ਦਾ ਖਰਚਾ ਬ੍ਰਿਟਸ ਕੌਂਸਲ ਵੱਲੋਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਇਲਜਾਮ ਲਾਇਆ ਕਿ ਸ੍ਰੋਮਣੀ ਕਮੇਟੀ ਜੇਲ੍ਹਾਂ ਵਿਚ ਦਹਾਕਿਆਂ ਤੋਂ ਬੇਠੇ ਸਿੱਖ ਨੌਜਵਾਨਾ ਦੇ ਮਾਮਲੇ ਵਿਚ ਵੀ ਰਾਜਨੀਤੀ ਕਰ ਰਹੀ ਹੈ, ਕਿਉਂ ਕਿ ਇਨ੍ਹਾਂ ਨੌਜਵਾਨਾ ਦੀ ਰਿਹਾਈ ਲਈ ਸਾਰਾ ਅਧਿਕਾਰ ਰਾਸ਼ਟਰਪਤੀ ਕੋਲ ਹੈ ਅਤੇ ਸ੍ਰੋਮਣੀ ਕਮੇਟੀ ਸਿਰਫ ਚਿੱਠੀ ਪੱਤਰ ਲਿਖਣ ‘ਚ ਹੀ ਉਲਝੀ ਹੋਈ ਹੈ ਅਤੇ ਨਿੱਜੀ ਦਖਲ ਦੇ ਕੇ ਇਸ ਮਾਮਲੇ ਨੂੰ ਨਿਬੇੜਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਇਹ ਮਾਮਲੇ ਘੱਟਣ ਦਾ ਨਾਮ ਨਹੀਂ ਲੈ ਰਹੇ। ਇਸ ਦੀ ਉਚ ਪੱਧਰੀ ਜਾਂਚ ਦੀ ਲੋੜ ਹੈ, ਉਨ੍ਹਾਂ ਇਲਜਾਮ ਲਾਇਆ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਸਰਕਾਰਾਂ ਦੀ ਸਹਿ ‘ਤੇ ਹੁੰਦੀਆਂ ਹਨ।

