ਪੰਜਾਬਪਟਿਆਲਾ

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ.ਬਡੂੰਗਰ ਵੱਲੋਂ ਧਰਮ ਪ੍ਰਚਾਰ ਮੁਹਿੰਮ ਨੂੰ ਪ੍ਰਚੰਡ ਕਰਨ ਲਈ ਸਬ-ਜ਼ੋਨ ਬਣਾਉਣ ਦਾ ਐਲਾਨ

ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਚਣੌਤੀਆਂ ਅਤੇ ਕੁਰੀਤੀਆਂ ਖਿਲਾਫ ਚੇਤੰਨ ਹੋਣ ਦੀ ਲੋੜ:ਪ੍ਰੋ.ਬਡੂੰਗਰ
ਪਟਿਆਲਾ 7 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਮੁਹਿੰਮ ਨੂੰ ਹੋਰ ਸਚਾਰੂ ਤਰੀਕੇ ਨਾਲ ਪ੍ਰਚਾਰਨ ਅਤੇ ਇਸ ਨੂੰ ਦੇਸ਼ ਵਿਆਪੀ ਲਹਿਰ ਬਣਾਉਣ ਲਈ ਮਾਝਾ-ਮਾਲਵਾ-ਦੁਆਬਾ ਤੋਂ ਬਾਅਦ ਸਬ-ਜ਼ੋਨ ਬਣਾਉਣ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਕੱਤਰਤਾ ਦੌਰਾਨ ਅਹਿਮ ਫੈਸਲਾ ਲਿਆ। ਉਹ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ, ਹੈੱਡ ਗ੍ਰੰਥੀਆਂ ਅਤੇ ਮੈਨੇਜਰਾਂ ਨਾਲ ਹੋਈ ਵਿਸੇਸ਼ ਮੀਟਿੰਗ ਮੌਕੇ ਧਰਮ ਪ੍ਰਚਾਰ ਬਾਰੇ ਵਿਚਾਰ-ਚਰਚਾ ਕਰ ਰਹੇ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਨੇ ਪ੍ਰਚਾਰ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਸੁਝਾਅ ਦਿੱਤੇ।

ਪ੍ਰੋ. ਬਡੂੰਗਰ ਨੇ ਕਿਹਾ ਕਿ ਧਰਮ ਪ੍ਰਚਾਰ ਮੁਹਿੰਮ ਨੂੰ ਵੱਖ-ਵੱਖ ਪੜਾਵਾਂ ਦੁਆਰਾ ਪ੍ਰਚਾਰਕੇ ਦੇਸ ਵਿਆਪੀ ਲਹਿਰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਮੁੱਚੀ ਲੋਕਾਈ ਨੂੰ ਧਰਮ ਪ੍ਰਚਾਰ ਲਹਿਰ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ। ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਬੱਚਿਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇਸ ਲਹਿਰ ਦਾ ਹਿੱਸਾ ਬਣਾਉਣ ਲਈ ਸਕੂਲਾਂ/ਕਾਲਜਾਂ ਅਤੇ ਪਿੰਡਾਂ ਵਿਚ ਜਾ ਕੇ ਪ੍ਰੇਰਿਤ ਕਰਨ ਤਾਂ ਕਿ ਸ਼੍ਰੋਮਣੀ ਕਮੇਟੀ ਦੀ ਇਸ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਧਰਮ ਪ੍ਰਚਾਰ ਮੁਹਿੰਮ ਹੋਰ ਪ੍ਰਚੰਡ ਕਰਨ ਲਈ ਮੋਹਾਲੀ, ਸ੍ਰੀ ਫ਼ਤਹਿਗੜ ਸਾਹਿਬ, ਸੰਗਰੂਰ, ਪਟਿਆਲਾ ਸਬ-ਜ਼ੋਨ ਵਜੋਂ ਬਣਾਏ ਗਏ ਹਨ, ਇਹਨਾਂ ਦਾ ਕੇਂਦਰੀ ਦਫ਼ਤਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਤੋਂ 25 ਜੁਲਾਈ ਨੂੰ ਧਰਮ ਪ੍ਰਚਾਰ ਦੀ ਮੁਹਿੰਮ ਦਾ ਆਗਾਜ਼ ਹੋਵੇਗਾ ਅਤੇ ਇਹ ਮੁਹਿੰਮ ਸਾਲ 2019 ਤੱਕ ਧਰਮ ਪ੍ਰਚਾਰ ਦੀ ਵੱਡੀ ਲਹਿਰ ਬਣ ਜਾਵੇਗੀ। ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ, ਧਰਮ ਪ੍ਰਚਾਰਕਾਂ ਅਤੇ ਹੈਡ ਗ੍ਰੰਥੀਆਂ ਨੂੰ ਆਦੇਸ਼ ਦਿੰਦਿਆ ਕਿਹਾ ਕਿ ਉਹ ਧਰਮ ਪ੍ਰਚਾਰ ਦੀ ਇਸ ਲਹਿਰ ਦੇ ਪਸਾਰੇ ਲਈ ਤਨ-ਦੇਹੀ ਨਾਲ ਕਾਰਜਸ਼ੀਲ ਹੋਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਧਰਮ ਪ੍ਰਚਾਰ ਮੁਹਿੰਮ ਦੇ ਪਸਾਰ ਲਈ ਬਣਾਏ ਗਏ ਸਬ-ਜ਼ੋਨਾਂ ਦੀ ਉਲੀਕੀ ਗਈ ਰੂਪ-ਰੇਖਾਂ ਬਾਰੇ ਦੱਸਦਿਆਂ ਕਿਹਾ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਇੰਚਾਰਜ, ਮੀਤ ਸਕੱਤਰ ਨਿਯੁਕਤ ਕੀਤੇ ਗਏ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ, ਪ੍ਰਚਾਰਕਾਂ ਨਾਲ ਤਾਲ-ਮੇਲ ਬਣਾਕੇ ਇਸ ਧਰਮ ਪ੍ਰਚਾਰ ਲਹਿਰ ਨੂੰ ਸੰਪੂਰਨ ਰੂਪ ਵਿਚ ਪ੍ਰਭਾਵਸ਼ਾਲੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।ਪ੍ਰੋ. ਬਡੂੰਗਰ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਮੁਹਿੰਮ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਸਮਾਜਿਕ ਚਣੌਤੀਆਂ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਵੀ ਲਾਮਬੰਦ ਹੋਣ ਦੀ ਲੋੜ ਹੈ।
ਇਸ ਇਕੱਤਰਤਾ ਮੌਕੇ ਸੰਤਾ ਸਿੰਘ ਉਮੈਦਪੁਰੀ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਜਗਰੂਪ ਸਿੰਘ ਚੇਅਰਮੈਨ ਸਾਹਨੇਵਾਲ, ਗਿਆਨੀ ਹਰਪਾਲ ਸਿੰਘ, ਜਥੇਦਾਰ ਅਵਤਾਰ ਸਿੰਘ ਰਿਆਂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਵਿੰਦਰ ਸਿੰਘ ਸਭਰਵਾਲ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਪ੍ਰਮਜੀਤ ਸਿੰਘ ਲੱਧੇਵਾਲ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਜਥੇਦਾਰ ਲਾਭ ਸਿੰਘ ਦੇਵੀਨਗਰ ਮੈਂਬਰਾਨ ਸ਼੍ਰੋਮਣੀ ਕਮੇਟੀ, ਗੁਰਦੀਪ ਸਿੰਘ ਸੇਖਪੁਰ, ਭਗਵੰਤ ਸਿੰਘ ਧੰਗੇੜਾ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਮੈਨੇਜਰ ਜੋਗਾ ਸਿੰਘ ਕਰਹਾਲੀ ਸਾਹਿਬ, ਮੈਨੇਜਰ ਰਣਜੀਤ ਸਿੰਘ ਬਹਾਦਰਗੜ•, ਤਲਵਿੰਦਰ ਸਿੰਘ ਤੋਂ ਇਲਾਵਾ ਪ੍ਰਚਾਰਕ, ਹੈਡ ਗ੍ਰੰਥੀ ਹਾਜ਼ਰ ਸਨ।

Leave a Reply

Your email address will not be published. Required fields are marked *