ਪ੍ਰਾਈਵੇਟ ਬਸ ਮਾਲਕਾਂ ਤੋਂ ਕਿਲੋਮੀਟਰ ਸਕੀਮ ਅਧੀਨ ਪਾਈਆਂ ਜਾ ਰਹੀਆਂ ਬੱਸਾਂ ਦਾ ਐਕਸ਼ਨ ਕਮੇਟੀ ਕਰੇਗੀ ਵਿਰੋਧ
ਪਟਿਆਲਾ 8 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਵਰਕਰਾਂ ਦੀਆਂ ਛੇ ਜੱਥੇਬੰਦੀਆਂ ਤੇ ਆਧਾਰਤ ਸਾਂਝੀ ਐਕਸ਼ਨ ਕਮੇਟੀ ਨੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਲੋਂ ਮਨਮਾਨੇ ਢੰਗ ਨਾਲ ਅਦਾਰੇ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਕੇ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਬਸ ਮਾਲਕਾਂ ਤੋਂ ਕਿਲੋਮੀਟਰ ਸਕੀਮ ਅਧੀਨ ਲੈ ਕੇ ਪਾਈਆਂ ਜਾ ਰਹੀਆਂ ਬੱਸਾਂ ਦੇ ਫੈਸਲੇ ਦੇ ਵਿਰੋਧ ਵਿੱਚ ਸਖਤ ਰੁੱਖ ਅਪਣਾਉਂਦਿਆਂ ਵਰਕਰਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਦ੍ਰਿੜਤਾ ਨਾਲ ਫੈਸਲਾ ਲਿਆ ਹੈ ਕਿ ਮੈਨੇਜਮੈਂਟ ਦੇ ਇਸ ਕਦਮ ਦਾ ਡਟਕੇ ਵਿਰੋਧ ਕੀਤਾ ਜਾਵੇਗਾ ਅਤੇ 14-7-2017 ਨੂੰ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਦੇ ਸਾਹਮਣੇ ਜਬਰਦਸਤ ਰੋਸ ਪ੍ਰਗਟ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜੇਕਰ ਮੈਨੇਜਮੈਂਟ ਫਿਰ ਵੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦਾ ਫੈਸਲਾ ਰੱਦ ਨਹੀ ਕਰਦੀ ਤਾਂ ਫਿਰ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਹੋਰ ਤੇਜ ਕਰਦੇ ਹੋਏ ਹੜਤਾਲ ਵੀ ਕੀਤੀ ਜਾ ਸਕਦੀ ਹੈ।
ਕਿਲੋਮੀਟਰ ਸਕੀਮ ਅਧੀਨ 250 ਤੋਂ ਵੱਧ ਬੱਸਾਂ ਪਾਉਣ ਦੀ ਯੋਜਨਾ ਦੇ ਘਟਨਾਕ੍ਰਮ ਦੀ ਜਾਣਕਾਰੀ ਦਿੰਦਿਆ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਐਕਸ਼ਨ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵ ਸ੍ਰੀ ਸੁੱਚਾ ਸਿੰਘ, ਗੁਰਬਖਸ਼ਾ ਰਾਮ, ਉਤਮ ਸਿੰਘ ਬਾਗੜੀ, ਬਲਦੇਵ ਰਾਜ ਬੱਤਾ, ਜਗਤਾਰ ਸਿੰਘ ਪੰਧੇਰ ਅਤੇ ਮੁਹੰਮਦ ਖਲੀਲ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ 100 ਬੱਸਾਂ ਕਿਲੋਮੀਟਰ ਸਕੀਮ ਅਧੀਨ ਅਤੇ 100 ਬੱਸਾਂ ਮਹਿਕਮੇ ਵੱਲੋਂ ਆਪਣੀ ਮਾਲਕੀ ਵਾਲੀਆਂ ਖਰੀਦਕੇ ਪਾਈਆਂ ਜਾਣ ਦਾ ਵਿਚਾਰ ਸੀ। ਪਰ ਬੜੇ ਨਾਟਕੀ ਢੰਗ ਨਾਲ ਪੀ.ਆਰ.ਟੀ.ਸੀ. ਦੇ ਹਿੱਤਾਂ ਦੀ ਅਤੇ ਵਰਕਰਾਂ ਦੇ ਭਵਿੱਖ ਦੀ ਅਣਦੇਖੀ ਕਰਦਿਆਂ ਹੁਣ 250 ਬੱਸਾਂ ਕੇਵਲ ਤੇ ਕੇਵਲ ਕਿਲੋਮੀਟਰ ਸਕੀਮ ਅਧੀਨ ਹੀ ਪਾਈਆਂ ਜਾਣ ਦਾ ਅਮਲ ਬੜੀ ਤੇਜੀ ਨਾਲ ਸਾਰੇ ਤਰੀਕਾਕਾਰਾਂ ਦੀ ਉਲੰਘਣਾ ਕਰਕੇ ਅਤੇ ਫਰਜੀ ਫਾਇਦੇ ਵਾਲੇ ਅੰਕੜੇ ਤਿਆਰ ਕਰਕੇ ਕੀਤਾ ਜਾ ਰਿਹਾ ਹੈ। ਐਕਸ਼ਨ ਕਮੇਟੀ ਨੇ ਕਿਹਾ ਕਿ ਜੇਕਰ ਪਹਿਲਾਂ ਇਸੇ ਸਕੀਮ ਤਹਿਤ ਪਾਈਆਂ ਬੱਸਾਂ ਦੀ ਕਾਰਗੁਜਾਰੀ ਦੀ ਤਹਿ ਤੱਕ ਜਾਕੇ ਘੋਖ ਕੀਤੀ ਜਾਵੇ ਤਾਂ ਪਤਾ ਚਲੇਗਾ ਕਿੰਨਾ ਭਾਰੀ ਨੁਕਸਾਨ ਇੰਨਾਂ ਬੱਸਾਂ ਨੇ ਪੀ.ਆਰ.ਟੀ.ਸੀ. ਦਾ ਕੀਤਾ ਹੈ। ਜਿਸਦੀ ਤੁਲਨਾ ਵਿੱਚ ਪੀ.ਆਰ.ਟੀ.ਸੀ. ਦੀਆਂ ਆਪਣੀਆਂ ਬੱਸਾਂ ਦੀ ਕਾਰਗੁਜਾਰੀ ਕਿਤੇ ਬਿਹਤਰ ਹੈ। ਇਹ ਵੀ ਜਿਕਰਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੇ ਵਾਰ-ਵਾਰ ਜੋਰ ਦੇਕੇ ਕਿਹਾ ਹੈ ਕਿ ਸਰਕਾਰੀ ਟਰਾਂਸਪੋਰਟ ਨੂੰ ਮਜਬੂਤ ਕੀਤਾ ਜਾਵੇਗਾ। ਪਰ ਹੁਣ ਉਲਟਾ ਮੈਨੇਜਮੈਂਟ ਸਰਕਾਰੀ ਬੱਸਾਂ ਵਿੱਚ ਲਗਭਗ ਅੱਧਾ ਫਲੀਟ ਨਿੱਜੀ ਮਾਲਕੀ ਵਾਲੀਆਂ ਬੱਸਾਂ ਦਾ ਕਰਨ ਦੇ ਰਾਹ ਪੈ ਚੁੱਕੀ ਹੈ। ਜਿਹੜਾ ਕਿ ਇਸ ਸਰਕਾਰੀ ਅਦਾਰੇ ਲਈ ਬੇਹੱਦ ਘਾਤਕ ਸਾਬਤ ਹੋਏਗਾ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਸ਼ਰਮਾ ਨੂੰ ਕਿਹਾ ਕਿ ਉਹ ਪੀ.ਆਰ.ਟੀ.ਸੀ. ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਘੋਖਣ ਦੀ ਜਰੂਰਤ ਸਮਝਣ ਅਜਿਹਾ ਨਾ ਹੋਵੇ ਕਿ ਉਨ੍ਹਾਂ ਤੋਂ ਕਰਵਾਏ ਫੈਸਲੇ ਪੀ.ਆਰ.ਟੀ.ਸੀ. ਦਾ ਨੁਕਸਾਨ ਕਰਨ ਹਿੱਤ ਭੁਗਤ ਜਾਣ। ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੂੰ ਜੋਰ ਦੇ ਕੇ ਕਿਹਾ ਕਿ ਇਹ ਮਾਰੂ ਫੈਸਲਾ ਵਾਪਸ ਲਿਆ ਜਾਵੇ ਅਤੇ ਅਦਾਰੇ ਪ੍ਰਤੀ ਚੁੱਕੇ ਜਾਣ ਵਾਲੇ ਕਿਸੇ ਵੀ ਮਹੱਤਵਪੂਰਨ ਕਦਮ ਦੀ ਪਾਰਦਰਸ਼ਤਾ ਢੰਗ ਨਾਲ ਵਰਕਰਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਵਰਕਰਾਂ ਨੂੰ ਭਰੋਸੇ ਵਿੱਚ ਵੀ ਲਿਆ ਜਾਣਾ ਚਾਹੀਦਾ ਹੈ। ਐਕਸ਼ਨ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਵਰਕਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਵੀ ਸੰਘਰਸ਼ ਦਾ ਮੁੱਦਾ ਬਣਾਇਆ ਜਾਵੇਗਾ। ਇਸ ਮੌਕੇ ਸੁੱਚਾ ਸਿੰਘ, ਗੁਰਬਖਸ਼ਾ ਰਾਮ, ਉਤਮ ਸਿੰਘ ਬਾਗੜੀ, ਬਲਦੇਵ ਰਾਜ ਬੱਤਾ, ਜਗਤਾਰ ਸਿੰਘ ਪੰਧੇਰ, ਮੁਹੰਮਦ ਖਲੀਲ ਆਦਿ ਹਾਜਰ ਸਨ।

