ਸ਼ਹੀਦ ਭਾਈ ਮਨੀ ਸਿੰਘ ਸਮੁੱਚੀ ਕੌਮ ਦਾ ਸਰਮਾਇਆ : ਪ੍ਰੋ. ਬਡੂੰਗਰ
ਵੱਖ-ਵੱਖ ਆਗੂਆਂ ਨੇ ਸ਼ਹੀਦ ਭਾਈ ਮਨੀ ਸਿੰਘ ਨੂੰ ਸ਼ਰਧਾ ਪੂਰਵਕ ਦਿੱਤੀ ਸ਼ਰਧਾਂਜਲੀ
ਪਟਿਆਲਾ 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿੱਖ ਕੌਮ ਕੋਲ ਅਣਗਣਿਤ ਸ਼ਹੀਦੀਆਂ ਦਾ ਗੌਰਵਮਈ ਇਤਿਹਾਸ ਹੈ ਅਤੇ ਸ਼ਹੀਦ ਭਾਈ ਮਨੀ ਸਿੰਘ ਸਮੁੱਚੀ ਕੌਮ ਦੇ ਕੌਮੀ ਸਰਮਾਇਆ ਹਨ, ਜਿਨ੍ਹਾਂ ਦੀ ਸ਼ਹੀਦੀ ਸਮੁੱਚੇ ਸਿੱਖ ਜਗਤ ਨੂੰ ਰੌਸ਼ਨ ਕਰਦੀ ਰਹੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪਿੰਡ ਰੱਖੜਾ ਵਿਖੇ ਸ਼ਹੀਦ ਭਾਈ ਮਨੀ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਹੀਦ ਭਾਈ ਮਨੀ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਲੋਕਾਈ ਨੂੰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਅਰਥ ਅਤੇ ਰਹੱਸ ਨੂੰ ਸਮਝਦੇ ਹੋਏ ਗੌਰਵਮਈ ਇਤਿਹਾਸ ਦੇ ਵਾਰਸ ਬਣਨਾ ਸਮੇਂ ਦੀ ਮੁੱਖ ਲੋੜ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਈ ਮਨੀ ਸਿੰਘ ਦੀ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਪ੍ਰੰਪਰਾਵਾਂ ਅਨੁਸਾਰ ਦੁਨਿਆਵੀ ਉਮਰ ਦੀ ਕੋਈ ਅਹਿਮੀਅਤ ਨਹੀਂ ਹੈ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਭਾਈ ਮਨੀ ਸਿੰਘ ਦੇ ਜੀਵਨ ਬਿਰਤਾਂਤ ‘ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਗੁਰੂ ਘਰ ਦੇ ਸੱਚੇ ਪ੍ਰ੍ਰੀਤਵਾਨ ਸਿੱਖ ਸਨ, ਜਿਨ੍ਹਾਂ ਨੇ ਗੁਰੂ ਮਰਿਯਾਦਾ ਦੇ ਧਾਰਨੀ ਬਣ ਕੇ ਗੁਰੂਆਂ ਵੱਲੋਂ ਦਰਸਾਏ ਮਾਰਗ ਦਾ ਪਾਲਣ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਮਨੀ ਸਿੰਘ ਸੱਚਮੁੱਚ ਹੀ ਬ੍ਰਹਮਗਿਆਨੀ ਸਨ, ਜਿਨ੍ਹਾਂ ਨੂੰ ਉਤਮ ਗੁਣਾਂ ਦੇ ਧਾਰਨੀ ਹੋਣ ਕਾਰਨ ਸ਼ਹੀਦਾਂ ਦੀ ਲੜੀ ‘ਚ ਇਕ ਅਹਿਮ ਅਤੇ ਅਜ਼ੀਮ ਸਥਾਨ ਪ੍ਰਾਪਤ ਹੋਇਆ ਹੈ। ਪ੍ਰੋ. ਬਡ੍ਰੂੰਗਰ ਨੇ ਕਿਹਾ ਕਿ ਅੱਜ ਸ਼ਹੀਦ ਭਾਈ ਮਨੀ ਸਿੰਘ ਨੂੰ ਬੱਚਿਆਂ ਅੱਗੇ ਮਾਡਲ ਬਣਾ ਕੇ ਪੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਜ਼ਬਰ ਹਮੇਸ਼ਾ ਹੀ ਆਪਣੇ ਨਾਪਾਕ ਇਰਾਦਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਤੇ ਨਾ-ਕਾਮਯਾਬ ਹੋ ਕੇ ਹਾਰਿਆ ਹੈ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਰੱਖੜਾ, ਸ. ਰਣਧੀਰ ਸਿੰਘ ਰੱਖੜਾ, ਜਥੇਦਾਰ ਲਾਭ ਸਿੰਘ ਦੇਵੀ ਨਗਰ, ਕਰਮਜੀਤ ਸਿੰਘ ਰੱਖੜਾ, ਤਰਲੋਚਨ ਸਿੰਘ, ਸ. ਭਗਵੰਤ ਸਿੰਘ ਧੰਗੇੜਾ, ਮਹਿੰਦਰ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

