ਸ਼੍ਰੋਮਣੀ ਕਮੇਟੀ ਗੁਰਸਿੱਖੀ ‘ਚ ਪਰਪੱਕ ਰਹਿਣ ਵਾਲੇ ਬੱਚਿਆਂ ਦੀ ਕਰ ਰਹੀ ਸਹਾਇਤਾ : ਪ੍ਰੋ. ਬਡੂੰਗਰ
ਪਟਿਆਲਾ 10 ਜੁਲਾਈ (ਮਧੂਸਾਰ ਬਿਊਰੋ) ਸ੍ਰੀ ਗੁਰੂ ਗੋਬਿੰਦ ਸਿੰਘ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ ਨਾਨਕਸਰ ਰੋਡ ਦੇਵੀਗੜ੍ਹ ਦੇ ਵਿਦਿਆਰਥੀਆਂ ਦੇ ਸਮੂਹ ਨੇ ਇਤਿਹਾਸਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਮਿਲਕੇ ਲੋੜਾਂ ਸਬੰਧੀ ਜਾਣੂੰ ਕਰਵਾਇਆ।
ਇਸ ਮੌਕੇ ਪ੍ਰੋ. ਬਡੂੰਗਰ ਨੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਬਾਬਾ ਭਜਨ ਸਿੰਘ ਗੁਰਦੁਆਰਾ ਨਾਨਕਸਰ ਵਾਲਿਆਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਤੇ ਸਹਿਯੋਗ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਗੁਰਮਤਿ ਨਾਲ ਜੁੜਨ ਵਾਲੇ ਬੱਚਿਆਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਸਿੱਖੀ ‘ਚ ਪਰਪੱਕ ਰਹਿਣ ਵਾਲੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਿਖਲਾਈ ਕੈਂਪਾਂ ਰਾਹੀਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਜੀਵਨ ਜਾਂਚ, ਸੰਥਿਆ ਅਤੇ ਰਹਿਤ ਮਰਿਯਾਦਾ ਦੇ ਧਾਰਨੀ ਬਣਾਉਣ ਦੇ ਉਪਰਾਲੇ ਨਿਰੰਤਰ ਕੀਤੇ ਜਾ ਰਹੇ ਹਨ, ਜੋ ਭਵਿੱਖ ‘ਚ ਵੀ ਜਾਰੀ ਰਹਿਣਗੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਹਰ ਸਾਲ ਖਾਲਸਾਈ ਖੇਡਾਂ ਦਾ ਆਯੋਜਨ ਕਰਦੀ ਹੈ ਅਤੇ ਖੇਡਾਂ ਦੀ ਪ੍ਰਫੁੱਲਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਪੋਰਟਸ ਡਾਇਰੈਕਟਰੇਟ ਵੀ ਬਣਾਇਆ ਗਿਆ ਹੈ ਤਾਂ ਜੋ ਕੌਮਾਂਤਰੀ ਪੱਧਰ ਦੇ ਸਿੱਖ ਖਿਡਾਰੀ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਮਤਿ ਵਿਦਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਾਕੀ, ਕਬੱਡੀ ਦੀਆਂ ਟੀਮਾਂ ਬਣਾ ਕੇ ਅਕੈਡਮੀਆਂ ਸਥਾਪਿਤ ਕੀਤੀਆਂ ਗਈਆਂ ਹਨ। ਅਕੈਡਮੀਆਂ ਵਿਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਾਂ ਦੇ ਰਵਾਇਤੀ ਗੱਤਕੇ ਰਾਹੀਂ ਸ਼ਸਤਰ ਵਿਦਿਆ ਦਿੱਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਝਣ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ-ਕਾਲਜਾਂ ਤੇ ਹੋਰ ਵੱਖ-ਵੱਖ ਸੰਸਥਾਵਾਂ ਚਲਾ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੇ ਜਾਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਦੀਪ ਸਿੰਘ ਸ਼ੇਖਪੁਰਾ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

