ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਾਧੂ ਟੈਕਸਾਂ ਦੇ ਭਾਰ ਹੇਠ ਨਾ ਮਾਰੇ : ਆਪ
ਚੰਡੀਗੜ, 15 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਪੰਜਾਬ ਦੇ ਵਸਨੀਕਾਂ ਉਤੇ ਹੋਰ ਟੈਕਸ ਲਾ ਕੇ ਸਰਕਾਰ ਦੇ ਪਿਛਲੇ ਘਾਟਿਆਂ ਨੂੰ ਪੂਰਾ ਕਰਨਾ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੂਬੇ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਇਸ ਕਦਮ ਨੂੰ ਲੋਕ ਵਿਰੋਧੀ ਅਤੇ ਘਟਿਆ ਕਰਾਰ ਦਿੱਤਾ। ਉਨਾਂ ਕਿਹਾ ਕਿ ਸਮਾਜ ਦਾ ਹਰ ਵਰਗ ਜਿਸ ਵਿਚ ਕਿਸਾਨ, ਦੁਕਾਨਦਾਰ, ਕਰਮਚਾਰੀ ਅਤੇ ਗਰੀਬ ਆਦਿ ਆਉਦੇ ਹਨ। ਪਹਿਲਾਂ ਹੀ ਆਪਣੀ 2 ਵਕਤ ਦੀ ਰੋਟੀ ਜੁਟਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਉਤੇ ਅਜਿਹੇ ਟੈਕਸ ਲਗਾਉਣ ਨਾਲ ਉਨਾਂ ਉਤੇ ਹੋਰ ਵਾਧੂ ਭਾਰ ਪਵੇਗਾ। ਉਨਾਂ ਕਿਹਾ ਕਿ ਮਹਿੰਗਾਈ ਨੇ ਪਹਿਲਾਂ ਹੀ ਆਮ ਆਦਮੀ ਦੀ ਪੀਠ ਤੋੜ ਦਿੱਤੀ ਹੈ ਅਤੇ ਉਤੋਂ ਅਜਿਹੇ ਟੈਕਸ ਲਗਾਉਣਾ ਲੋਕਾਂ ਨਾਲ ਸਰੇਆਮ ਧੱਕੇਸ਼ਾਹੀ ਹੈ।
ਉਨਾਂ ਕਿਹਾ ਕਿ ਵਪਾਰੀ ਵਰਗ ਜਿੰਨਾਂ ਵਿਚ ਦੁਕਾਨਦਾਰ ਵੀ ਸ਼ਾਮਲ ਹਨ ਅਜੇ ਨੋਟ ਬੰਦੀ ਦੇ ਮਾੜੇ ਪ੍ਰਭਾਵਾਂ ਤੋਂ ਨਿਕਲ ਨਹੀਂ ਪਏ ਕਿ ਉਨਾਂ ਨੂੰ ਜੀਐਸਟੀ ਦੇ ਭੰਬਲਭੂਸੇ ਵਿਚ ਪਾ ਦਿੱਤਾ ਹੈ। ਉਨਾਂ ਕਿਹਾ ਕਿ ਨਾ ਤੇ ਕੇਂਦਰ ਅਤੇ ਨਾ ਹੀ ਰਾਜ ਸਰਕਾਰ ਨੇ ਜੀਐਸਟੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜਾਂ ਉਸ ਬਾਰੇ ਸਹੀ ਜਾਣਕਾਰੀ ਦੇਣਾ ਜਰੂਰੀ ਸਮਝਿਆ ਹੈ। ਉਨਾਂ ਕਿਹਾ ਕਿ ਜੀਐਸਟੀ ਦੇ ਨਾਲ ਵਪਾਰੀਆਂ ਦੁਕਾਨਦਾਰਾਂ ਅਤੇ ਖਰੀਦਦਾਰਾਂ ਨੂੰ ਇਕੋ ਜਿੰਨਾਂ ਹੀ ਪ੍ਰਭਾਵ ਪਿਆ ਹੈ। ਉਨਾਂ ਕਿਹਾ ਕਿ ਅਜਿਹੀ ਹਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਨੂੰ ਰਾਹਤ ਦੇਵੇ ਪਰੰਤੂ ਉਨਾਂ ਨੇ ਉਤੋਂ ਹੋਰ ਬੋਝ ਪਾਉਣ ਦੀ ਤਿਆਰੀ ਕਰ ਲਈ ਹੈ। ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਜੁਬਾਨੀ ਕਲਾਮੀ ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਲਾਅਰੇ ਤੋਂ ਬਾਅਦ ਵੀ ਸੂਬੇ ਭਰ ਵਿਚ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਉਨਾਂ ਕਿਹਾ ਕਿ ਜਾਂ ਤਾਂ ਸਰਕਾਰ ਨੇ ਕਰਜ਼ ਮੁਆਫੀ ਸੰਬੰਧੀ ਝੂਠ ਬੋਲਿਆ ਹੈ ਜਾਂ ਉਹ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਵਿਚ ਅਸਫਲ ਸਾਬਤ ਹੋਈ ਹੈ। ਉਨਾਂ ਕਿਹਾ ਕਿ ਹੋਰ ਵਾਧੂ ਟੈਕਸ ਲਗਾਉਣ ਦੇ ਨਾਲ ਪੰਜਾਬ ਦੇ ਵਸਨੀਕ ਜੋ ਕਿ ਪਹਿਲਾਂ ਹੀ ਮਹਿੰਗੀ ਬਿਜਲੀ ਖਰੀਦ ਰਹੇ ਹਨ ਦੀ ਵਰਤੋਂ ਲਈ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ।
ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਖਾਸ ਤੌਰ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਸਹੀ ਤੌਰ ਤੇ ਸਰਕਾਰ ਦੀ ਆਮਦਨੀ ਵਧਾ ਕਿ ਖਰਚੇ ਘਟਾਉਣਾ ਚਾਹੁੰਦੀ ਹਨ ਤਾਂ ਉਹਨਾਂ ਨੂੰ ਸਰਕਾਰ ਦੇ ਮੰਤਰੀਆਂ ਅਤੇ ਸੰਤਰੀਆਂ ਦੁਆਰਾ ਅੰਨੇ ਵਾਹ ਕੀਤੇ ਜਾ ਰਹੇ ਖਰਚੇ ਉਤੇ ਰੋਕ ਲਗਾ ਕੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।

