ਪਟਿਆਲਾ

ਤਨਖਾਹਾਂ ਨਾ ਮਿਲਣ ਤੇ ਭੜਕੇ ਕਾਮਿਆਂ ਨੇ ਘੇਰਿਆ ਹਲਕਾ ਦਫਤਰ

ਪਟਿਆਲਾ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਰੁੱਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਜਿੱਥੇ ਅੱਜ ਪੰਜਾਬ ਦੇ ਵੱਖ-ਵੱਖ ਜਿਲ੍ਹਾ ਹੈਡ ਕੁਆਟਰਾਂ ਤੇ ਧਰਨੇ ਦਿੱਤੇ ਗਏ ਉੱਥੇ ਜੋਨ ਪਟਿਆਲਾ ਨਾਲ ਸਬੰਧਤ ਫੀਲਡ ਕਾਮਿਆਂ ਵੱਲੋਂ ਹਲਕਾ ਦਫਤਰ ਜਨਸਿਹਤ ਵਿਭਾਗ ਪਟਿਆਲਾ ਅੱਗੇ ਰੋਸ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ ਕੀਤੀ।

ਧਰਨੇ ਦੀ ਅਗਵਾਈ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਛੱਜੂ ਰਾਮ ਤੇ ਕਿਸ਼ਨ ਕਲਵਾਣੂ ਨੇ ਕੀਤੀ। ਇਸ ਧਰਨੇ ਵਿੱਚ ਆਪਣੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ। ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ, ਦਰਸ਼ਨ ਰੌਂਗਲਾ, ਹਰਵੀਰ ਸੁਨਾਮ, ਤੇ ਪਵਨ ਪਾਤੜਾ ਨੇ ਕਿਹਾ ਕਿ ਜਿੱਥੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਕੱਚੇ ਕਾਮੇ ਪੱਕੇ ਕਰੋ, ਡੀ.ਏ. ਦਾ ਏਰੀਅਰ ਨਾ ਦੇਣਾ, ਅਤੇ ਪੇ ਕਮਿਸ਼ਨ ਨਾ ਲਾਗੂ ਕਰਨਾ, ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਆਦਿ ਮੰਗਾਂ ਲਈ ਮੁਲਾਜਮ ਸਰਕਾਰ ਨਾਲ ਲੜਾਈ ਲੜ ਰਹੇ ਹਨ। ਪਰ ਸਰਕਾਰ ਨੂੰ ਉਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਬਜਟ ਨਾ ਹੋਣ ਅਤੇ ਪਾਵਰਾਂ ਨਾ ਹੋਣ ਦਾ ਬਹਾਨਾ ਲਗਾ ਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਦੀਆਂ ਤਨਖਾਹਾਂ ਜਾਮ ਕਰ ਰੱਖੀਆਂ ਹਨ। ਜਿਸ ਨਾਲ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਮੁਲਾਜਮਾ ਦਾ ਗੁੱਸਾ ਉਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਗਿਆ ਜਦੋਂ ਭੜਕੇ ਮੁਲਾਜਮਾਂ ਨੇ ਜਨਸਿਹਦ ਦਫਤਰ ਨੂੰ ਘੇਰ ਲਿਆ ਅਤੇ ਐਲਾਨ ਕੀਤਾ ਕਿ ਜਿਨ੍ਹਾਂ ਚਿਰ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆ ਉਨ੍ਹਾਂ ਚਿਰ ਨਾ ਆਪ ਜਾਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਜਾਣ ਦੇਣਗੇ। ਇਸ ਤੇ ਕਾਰਜਕਾਰੀ ਇੰਜੀਨੀਅਰ ਵੱਲੋਂ ਆ ਕੇ ਮੁਲਾਜਮਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਤੁਹਾਡੀਆਂ ਮੰਗਾਂ ਦਾ ਹੱਲ ਜਿੱਥੇ ਫੌਰੀ ਤੌਰ ਤੇ ਕਰ ਰਹੇ ਹਨ ਉੱਥੇ ਤੁਹਾਡੀ ਤਨਖਾਹ ਬਾਰੇ ਵੀ ਪਹਿਲਕਦਮੀ ਕਰਕੇ ਛੇਤੀ ਦਿਵਾਉਣ ਲਈ ਉਪਰਾਲੇ ਕਰਨਗੇ ਤਾਂ ਕਿਤੇ ਜਾ ਕੇ ਮੁਲਾਜਮ ਸ਼ਾਤ ਹੋਏ। ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਖਮਾਣੋ, ਮਸਤ ਰਾਮ, ਦੇਵ ਸਿੰਘ ਸਮਾਣਾ, ਕਰਮ ਸਿੰਘ ਨਾਭਾ, ਅਜਾਇਬ ਸਿੰਘ ਖਨੋਰੀ, ਸਤਪਾਲ ਸਿੰਘ, ਗੁਰਮੀਤ ਸਿੰਘ ਖਾਨਪੁਰ, ਨਾਥ ਸਿੰਘ ਬੁੱਜਰਕ, ਹਰਦੇਵ ਸਿੰਘ ਘੱਗਾ, ਸਤਨਾਮ ਸਿੰਘ ਸੌਂਡਾ ਨੇ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਮੁਲਾਜਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਸ ਤੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ।

Leave a Reply

Your email address will not be published. Required fields are marked *