ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਚਨਚੇਤੀ ਚੈਕਿੰਗ ਦੌਰਾਨ 33 ਹਸਪਤਾਲ ਪ੍ਰਦੂਸ਼ਣ ਫੈਲਾਉਂਦੇ ਫੜੇ
ਚੰਡੀਗੜ੍ਹ 19 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ਵਿਚ ਹਰ ਤਰਾਂ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਵੱਖ ਵੱਖ ਟੀਮਾਂ ਵਲੋਂ ਸੂਬੇ ਭਰ ਵਿਚ ੧੦੦ ਹਸਪਤਲਾਂ ਦੀ ਕੀਤੀ ਗਈ ਅਚਨਚੇਤੀ ਦੌਰਾਨ 33 ਅਜਿਹੇ ਹਸਪਤਾਲਾਂ ਦੀ ਸ਼ਨਾਖ਼ਤ ਹੋਈ ਹੈ ਜਿਹੜੇ ਬਾਇਓ ਮੈਡੀਕਲ ਕਚਰੇ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਖਤਰਨਾਕ ਪ੍ਰਦੂਸ਼ਣ ਫੈਲਾ ਰਹੇ ਸਨ। ਇਹਨਾਂ ਹਸਪਤਾਲਾਂ ਵਿਰੁੱਧ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂ ਨੇ ਕਿਹਾ ਹੈ ਕਿ ਬਾਇਓ ਮੈਡੀਕਲ ਵੇਸਟ ਬਾਰੇ ਕੋਈ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ ਕਿਉਂਕਿ ਇਸ ਕਚਰੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਘਾਤਕੂ ਬੀਮਾਰੀਆਂ ਲੱਗ ਸਕਦੀਆਂ ਹਨ। ਉਹਨਾਂ ਸਮੁੱਚੇ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਬਾਇਓ ਮੈਡੀਕਲ ਕਚਰੇ ਦੇ ਨਿਪਟਾਰੇ ਲਈ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ। ਉਹਨਾਂ ਬੋਰਡ ਦੇ ਇੰਜੀਨਿਅਰਾਂ ਨੂੰ ਵੀ ਹਸਪਤਾਲਾਂ ਉੱਤੇ ਬਾਜ਼ ਅੱਖ ਰੱਖਣ ਦੀਆਂ ਸਖ਼ਤ ਹਦਾਇਤ ਕੀਤੀ ਤਾਂ ਜੋ ਸਾਰੇ ਹਸਪਤਾਲ ਇਸ ਕਚਰੇ ਦਾ ਯੋਗ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ।
ਸ਼੍ਰੀ ਪੰਨੂ ਨੇ ਕਿਹਾ ਕਿ ਹਸਪਤਾਲਾਂ ਅਤੇ ਲੈਬਾਰਟਰੀਆਂ ਵਿਚੋਂ ਪੈਦਾ ਹੁੰਦਾ ਕਚਰਾ ਵਾਤਾਵਰਣ ਪੱਖੋਂ ਇੰਨਾ ਖਤਰਨਾਕ ਹੈ ਕਿ ਇਸ ਦੇ ਨਿਪਟਾਰੇ ਅਤੇ ਪ੍ਰਬੰਧਨ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ ਨੇ ਇਸ ਦੇ ਨਿਪਟਾਰੇ ਲਈ ਸਾਰੇ ਹਸਪਤਾਲਾਂ ਨੂੰ ਵਿਸਥਾਰ ਵਿੱਚ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਭੇਜੇ ਹੋਏ ਹਨ। ਉਹਨਾਂ ਦਸਿਆ ਕਿ ਬੋਰਡ ਨੇ ਇਹ ਕਚਰਾ ਇਕੱਠਾ ਕਰਕੇ ਇਸ ਨੂੰ ਸੁਰੱਖਿਅਤ ਢੰਗ ਨਾਲ ਬਿਲੇ ਲਾਉਣ ਲਈ ਮਾਹਰ ਏਜੰਸੀਆਂ ਨੂੰ ਪ੍ਰਮਾਣਿਤ ਕੀਤਾ ਹੋਇਆ ਹੈ ਜਿਹੜੀਆਂ ਜੀ.ਪੀ.ਐੱਸ. ਸਿਸਟਮ ਵਾਲੀਆਂ ਵਿਸ਼ੇਸ਼ ਗੱਡੀਆਂ ਰਾਹੀਂ ਪੰਜਾਬ ਭਰ ਵਿਚੋਂ ਹਰ ਰੋਜ਼ ਤਕਰੀਬਨ 14 ਟਨ ਅਜਿਹਾ ਕਚਰਾ ਇਕੱਠਾ ਕਰ ਕੇ ਉਸ ਸੁਰੱਖਿਅਤ ਢੰਗ ਨਾਲ ਬਿਲੇ ਲਾਉਂਦੀਆਂ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਸਮੇਤ 10000 ਦੇ ਕਰੀਬ ਹਸਪਤਾਲ ਹਨ।

