ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਮਜ਼ਦੂਰਾਂ ਲਈ ਖਰੀਦੇ ਗਏ ਘਟੀਆ ਸਾਇਕਲਾਂ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਮਹਾਰਾਣੀ ਪਰਨੀਤ
*ਮਹਾਰਾਣੀ ਪਰਨੀਤ ਕੌਰ ਨੇ ਦੇ 300 ਲਾਭਪਾਤਰੀਆਂ ਨੂੰ ਵੰਡੇ ਸਾਇਕਲ
ਪਟਿਆਲਾ, 20 ਜੂਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਕੰਸਟਰਕਸ਼ਨ ਵਰਕਰ ਯੂਨੀਅਨ ਪੰਜਾਬ ਦੇ 300 ਦੇ ਕਰੀਬ ਲਾਭਪਾਤਰੀਆਂ ਨੂੰ ਸਾਇਕਲ ਵੰਡਣ ਦੀ ਰਸਮ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਵੱਲੋਂ ਕੀਤੀ ਗਈ।
ਇਸ ਮੌਕੇ ਕੰਸਟਰਕਸ਼ਨ ਵਰਕਰ ਯੂਨੀਅਨ ਦੇ ਸੂਬਾ ਚੇਅਰਮੈਨ ਸੁਸ਼ੀਲ ਸ਼ਰਮਾ ਦੀ ਅਗਵਾਈ ‘ਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਯੂਨੀਅਨ ਵੱਲੋਂ ਪ੍ਰਾਪਤ ਹੋਏ ਮੰਗ ਪੱਤਰ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਰੱਖੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਉਹ ਜੱਥੇਬੰਦੀ ਦੀਆਂ ਹੱਕੀ ਮੰਗਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣਗੇ ਅਤੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਲਾਭਪਾਤਰੀਆਂ ਲਈ ਖਰੀਦੇ ਗਏ ਘਟੀਆ ਸਾਇਕਲਾਂ ਦਾ ਮੁੱਦਾ ਵੀ ਸਰਕਾਰ ਪਾਸ ਉਠਾਉਣਗੇ। ਉਹਨਾਂ ਕੰਸਟਰਕਸ਼ਨ ਯੂਨੀਅਨ ਦੇ ਵਰਕਰਾਂ ਨੂੰ ਵੈਲਫੇਅਰ ਬੋਰਡ ਅਤੇ ਤਹਿਸੀਲ ਪੱਧਰ ‘ਤੇ ਬਣੀਆਂ ਕਮੇਟੀਆਂ ਵਿੱਚ ਪ੍ਰਤੀਨਿੱਧਤਾ ਦਿਵਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਕੰਸਟਰਕਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਚੇਅਰਮੈਨ ਸੁਸ਼ੀਲ ਸ਼ਰਮਾਂ ਨੇ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਜ਼ੋਰ-ਸ਼ੋਰ ਨਾਲ ਉਠਾਉਂਦਿਆਂ ਦੱਸਿਆ ਕਿ ਵਰਕਰਾਂ ਨੂੰ ਮਿਲਣ ਵਾਲੇ ਲਾਭ ਦੀ ਕਰੋੜਾਂ ਰੁਪਏ ਦੀ ਰਾਸ਼ੀ ਦੇ ਕੇਸ ਦਫਤਰਾਂ ਵਿੱਚ ਬਕਾਇਆ ਪਏ ਹਨ ਅਤੇ ਉਦਯੋਗਪਤੀ ਵਰਗ ਮਜ਼ਦੂਰਾਂ ਅਤੇ ਕਿਰਤੀਆਂ ਦਾ ਸੋਸ਼ਨ ਕਰ ਰਿਹਾ ਹੈ। ਜਿਸ ਦੇ ਲਈ ਲੇਬਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਨਾਉਣ ਦੀ ਲੋੜ ਹੈ। ਉਹਨਾਂ
ਵੈਲਫੇਅਰ ਬੋਰਡ ਵਿੱਚ ਪੱਕੇ ਮੁਲਾਜ਼ਮ ਭਰਤੀ ਕਰਨ ਦੀ ਮੰਗ ਕਰਦਿਆਂ ਸਟਾਫ ਵਿੱਚ ਵਾਧਾ ਕਰਨ ਦੀ ਮੰਗ ਵੀ ਰੱਖੀ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਅਤੇ ਕਾਂਗਰਸੀ ਆਗੂ ਸ਼੍ਰੀਮਤੀ ਬਿਮਲਾ ਸ਼ਰਮਾਂ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਸੁਰਜੀਤ ਸਿੰਘ ਬਰਾਂਚ ਪ੍ਰਧਾਨ ਸਨੌਰ, ਜਗਰੂਪ ਸਿੰਘ ਬਰਾਂਚ ਪ੍ਰਧਾਨ ਕੋਟਕਲਾਂ, ਸ਼ਿੰਗਾਰਾ ਸਿੰਘ ਜ਼ਿਲਾ੍ਹ ਇੰਚਾਰਜ ਸੰਗਰੂਰ, ਗੁਰਮੇਲ ਸਿੰਘ ਸਕੱਤਰ, ਤਰਲੋਕ ਜੈਨ ਕੋ-ਆਰਡੀਨੇਟਰ, ਮੁਨਸ਼ੀ ਰਾਮ ਹਰਿਆਉ, ਸੁਖਪਾਲ ਸਿੰਘ ਪ੍ਰਧਾਨ ਕਾਦਰਾਬਾਦ ਅਤੇ ਹੇਮਦੀਪ ਸ਼ੂਤਰਾਣਾ ਆਦਿ ਵੀ ਹਾਜ਼ਰ ਸਨ।

