ਪਟਿਆਲਾ

ਮੁਲਾਜ਼ਮਾਂ ਨੂੰ ਤਨਖਾਹ ਬਜਟ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਮਿਲੇਗੀ : ਭੁੱਲਰ

ਪਟਿਆਲਾ, 21 ਜੁਲਾਈ (ਮਧੂਸਾਰ ਬਿਊਰੋ)
ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਭਾਖੜਾ ਮੇਨ ਲਾਈਨ ਸਰਕਲ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਸੁਖਵੰਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਸੱਦੇ ‘ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਉਨ੍ਹਾਂ ਨਾਲ ਸਰਕਲ ਸੁਪਰਡੰਟ ਸ਼੍ਰੀਮਤੀ ਕਿਰਨ ਬਾਲਾ, ਸੁਪਰਡੰਟ ਭਾਖੜਾ ਮੇਨ ਲਾਈਨ ਮੰਡਲ ਸ਼੍ਰੀਮਤੀ ਰਜਿੰਦਰ ਕੌਰ, ਸੁਪਰਡੰਟ ਦੇਵੀਗੜ੍ਹ ਮੰਡਲ ਸ਼੍ਰੀਮਤੀ ਮੀਨਾ ਕੁਮਾਰੀ, ਉਪ ਮੰਡਲ ਅਫਸਰ ਆਦਰਸ਼ਪਾਲ ਸਿੰਘ ਆਦਿ ਅਧਿਕਾਰੀ ਸ਼ਾਮਿਲ ਹੋਏ।

ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ, ਕੁਲਬੀਰ ਸਿੰਘ ਸੈਦਖੇੜੀ, ਸੁਰਿੰਦਰ ਸਿੰਘ ਫਰੀਦਪੁਰ, ਕੁਲਵਿੰਦਰ ਸਿੰਘ, ਅਮਰੀਕ ਸਿੰਘ ਖਮਾਣੋਂ, ਭੁਪਿੰਦਰ ਸਿੰਘ ਸਮਰਾਲਾ, ਮਹਿੰਦਰਪਾਲ ਗੰਡਾਖੇੜੀ, ਸਤਪਾਲ ਸਿੰਘ ਖਾਨਪੁਰ, ਸ਼ਾਦੀ ਰਾਮ ਬਨੂੜ, ਅਵਤਾਰ ਸਿੰਘ ਅਮਲੋਹ, ਮਨਦੀਪ ਸਿੰਘ ਸਰਹੰਦ, ਸੰਤ ਰਾਮ ਖਨੌਰੀ, ਸਤਪਾਲ ਪ੍ਰਧਾਨ ਬੀ.ਐਮ.ਐਲ., ਗੁਰਲਾਲ ਸਿੰਘ ਦੇਵੀਗੜ੍ਹ, ਨਰੇਸ਼ ਲੱਖੋਮਾਜਰਾ, ਬਲਦੇਵ ਵਿਰਕ, ਮਜੀਦ ਮੁਹੰਮਦ ਸਰਾਲਾ ਆਦਿ ਆਗੂ ਹਾਜ਼ਰ ਹੋਏ।
ਨਿਗਰਾਨ ਇੰਜੀਨੀਅਰ ਵੱਲੋਂ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਮੰਡਲਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਕੈਟਾਗਿਰੀ ਵਾਈਜ਼ ਸੀਨੀਆਰਤਾ ਸੂਚੀ 15 ਦਿਨਾਂ ਦੇ ਅੰਦਰ ਅੰਦਰ ਸਰਕੂਲੇਟ ਕਰ ਦਿੱਤੀ ਜਾਵੇਗੀ। ਕਰਮਚਾਰੀਆਂ ਨੂੰ ਬਣਦੀ ਤਨਖਾਹ ਬਜਟ ਆਉਣ ‘ਤੇ ਪਹਿਲ ਦੇ ਆਧਾਰ ਉਤੇ ਰੀਲੀਜ਼ ਕਰਵਾਈ ਜਾਵੇਗੀ। ਜੀ.ਪੀ.ਫੰਡ ਅਤੇ ਜੀ.ਆਈ.ਐਸ. ਦੀਆਂ ਸਟੇਟਮੈਂਟਾਂ ਅਗਲੇ ਹਫਤੇ ਕਰਮਚਾਰੀਆਂ ਨੂੰ ਦੇ ਦਿੱਤੀਆਂ ਜਾਣਗੀਆਂ। ਜਿਨ੍ਹਾਂ ਕਰਮਚਾਰੀਆਂ ਦੇ ਮੈਡੀਕਲ ਬਿਲਾਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ, ਉਨ੍ਹਾਂ ਦੇ ਬਿੱਲ 2 ਦਿਨਾਂ ਦੇ ਅੰਦਰ ਅੰਦਰ ਖਜਾਨਾ ਦਫਤਰ ਨੂੰ ਭੇਜੇ ਜਾਣਗੇ। ਖਾਲੀ ਪਈਆਂ ਆਸਾਮੀਆਂ ‘ਤੇ ਸੀਨੀਆਰਤਾ ਤੇ ਯੋਗਤਾ ਮੁਤਾਬਿਕ ਤਰੱਕੀਆਂ ਦੇਣ ਲਈ ਕੇਸ ਮੰਡਲ ਦਫਤਰਾਂ ਤੋਂ ਮੰਗਵਾਏ ਜਾਣਗੇ। ਸਰਕਾਰੀ ਗੱਡੀਆਂ ਦਾ ਬੀਮਾ 15 ਦਿਨਾਂ ਦੇ ਅੰਦਰ ਅੰਦਰ ਕਰਵਾ ਦਿੱਤਾ ਜਾਵੇਗਾ। ਰੈਗੂਲੈਸ਼ਨ ਪੁਆਇੰਟਾ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਲੋੜੀਂਦਾ ਸਮਾਨ ਅਗਲੇ ਹਫਤੇ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ। ਜਿਨ੍ਹਾਂ ਕਰਮਚਾਰੀਆਂ ਦੇ ਘਰੇਲੂ ਲੋੜਾਂ ਲਈ ਜੀ.ਪੀ.ਫੰਡ ਅਡਵਾਂਸ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਜੀ.ਪੀ.ਫੰਡ ਦਿੱਤਾ ਜਾਵੇਗਾ। ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ 15 ਦਿਨਾਂ ਦੇ ਅੰਦਰ ਨੌਕਰੀਆਂ ਦਿੱਤੀਆਂ ਜਾਣਗੀਆਂ। ਕਰਮਚਾਰੀਆਂ ਦੀ ਰਿਟਾਇਰਮੇਂਟ ਤੋਂ ਛੇ ਮਹੀਨੇ ਪਹਿਲਾਂ ਪੈਨਸ਼ਨ ਕੇਸ ਮੁਕੰਮਲ ਕਰਕੇ ਏ.ਜੀ. ਦਫਤਰ ਭੇਜੇ ਜਾਇਆ ਕਰਨਗੇ। ਨਹਿਰੀ ਪਟਵਾਰੀਆਂ ਦੇ ਬੈਠਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਮਹੁੱਈਆ ਕਰਵਾਉਣ ਦਾ ਵਿਸ਼ਵਾਸ ਨਿਗਰਾਨ ਇੰਜੀਨੀਅਰ ਵੱਲੋਂ ਦਿਵਾਇਆ ਗਿਆ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਕਾਰਜਕਾਰੀ ਇੰਜੀਨੀਅਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਉਹ ਕਰਮਚਾਰੀਆਂ ਦੇ ਮਸਲੇ ਤੁਰੰਤ ਹੱਲ ਕਰਨਗੇ।

Leave a Reply

Your email address will not be published. Required fields are marked *