ਕਿਸਾਨ ਖੁਦਕੁਸ਼ੀਆਂ ਰੋਕਣ ਲਈ ਤੁਰੰਤ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇ: ਸੁਖਬੀਰ ਬਾਦਲ
ਉਹਨਾਂ ਮੰਗ ਕੀਤੀ ਕਿ ਮੇਜਰ ਸਿੰਘ ਦਾ ਕਰਜ਼ਾ ਮੁਆਫ ਕੀਤਾ ਜਾਵੇ, ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪੁੱਤਰ ਨੂੰ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇ
ਕਿਹਾ ਕਿ ਮਨਪ੍ਰੀਤ ਬਾਦਲ ਖ਼ਿਲਾਫ ਮੇਜਰ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਜਾਵੇ
ਅਜਨਾਲਾ/26 ਜੁਲਾਈ/ਮਧੂਸਾਰ ਬਿਊਰੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿਚੋਂ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਰੁਝਾਣ ਨੂੰ ਨੱਥ ਪਾਉਣ ਲਈ ਸਾਰੇ ਕਿਸਾਨੀ ਕਰਜ਼ਿਆਂ ਨੂੰ ਤੁਰੰਤ ਮੁਆਫ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉੁਹਨਾਂ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਕਿਸਾਨ ਮੇਜਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ ਦੇਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਇੱਥੇ ਮੇਜਰ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਐਲਾਨ ਕੀਤਾ ਕਿ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਜ਼ਿਲ•ਾ ਪ੍ਰਧਾਨਾਂ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਨਿਰਦੇਸ਼ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜ਼ਿਲ•ਾ ਪ੍ਰਧਾਨ ਇਹਨਾਂ ਪਰਿਵਾਰਾਂ ਤੋਂ ਹਲਫੀਆ ਬਿਆਨ ਲੈਣਗੇ ਕਿ ਕੀ ਉਹਨਾਂ ਨੂੰ ਵਾਅਦੇ ਮੁਤਾਬਿਕ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਹੈ ਜਾਂ ਨਹੀਂ?
ਪੀੜਤ ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਉਹਨਾਂ ਨੇ ਇਸ ਉਮੀਦ ਨਾਲ ਕਾਂਗਰਸ ਪਾਰਟੀ ਨੂੰ ਵੋਟ ਪਾਈ ਸੀ ਕਿ ਵਾਅਦੇ ਮੁਤਾਬਿਕ ਉਹਨਾਂ ਦਾ ਕਰਜ਼ਾ ਮੁਆਫ ਹੋ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਸਰਕਾਰ ਦੇ ਰੋਜ਼ ਪਲਟਵੇਂ ਬਿਆਨਾਂ ਨੂੰ ਪੜ• ਕੇ ਮੇਜਰ ਸਿੰਘ ਨਿਰਾਸ਼ ਹੋਣਾ ਸ਼ੁਰੂ ਹੋ ਗਿਆ ਸੀ।ਉਹਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫੀ ਵਾਸਤੇ ਸਿਰਫ 1500 ਕਰੋੜ ਰੁਪਏ ਰੱਖਣ ਦਾ ਜਿਹੜਾ ਭੱਦਾ ਮਜ਼ਾਕ ਕੀਤਾ ਗਿਆ ਸੀ, ਉਸ ਨਾਲ ਮੇਜਰ ਸਿੰਘ ਯਕੀਨ ਹੋ ਗਿਆ ਸੀ ਕਿ ਉਸ ਦਾ ਕਰਜ਼ਾ ਮੁਆਫ ਨਹੀਂ ਹੋਵੇਗਾ ਅਤੇ ਦੁਖੀ ਹੋ ਕੇ ਉਸ ਨੇ ਜਾਨ ਦੇਣ ਦਾ ਫੈਸਲਾ ਕਰ ਲਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹੀ ਮੁੱਖ ਵਜ•ਾ ਸੀ, ਜਿਸ ਕਰਕੇ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਵਿੱਤ ਮੰਤਰੀ ਖਿਲਾਫ ਮੇਜਰ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਮੁਕੰਮਲ ਕਰਜ਼ਾ ਮੁਆਫੀ ਲਈ ਕੀਤੀ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਣਾਉਣ ਵਿਚ ਵਿੱਤ ਮੰਤਰੀ ਬੁਰੀ ਤਰ•ਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਦੇ 1500 ਕਰੋੜ ਰੁਪਏ ਮੁਆਫ ਕਰਨ ਦੇ ਵਾਅਦੇ ਨੂੰ ਵੀ ਪੂਰਾ ਨਹੀ ਕੀਤਾ ਗਿਆ। ਇਸ ਸੰਬੰਧੀ ਸਰਕਾਰ ਵੱਲੋਂ ਅਜੇ ਤੀਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਜਦ ਤਕ ਕਾਂਗਰਸ ਸਰਕਾਰ ਮੁੱਖ ਮੰਤਰੀ ਵੱਲੋਂ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਨਹੀ ਕਰਦੀ, ਅਕਾਲੀ ਦਲ ਚੈਨ ਨਾਲ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਜਲਦੀ ਹੀ ਇੱਕ ਅੰਦੋਲਨ ਦੀ ਰੂਪ ਰੇਖਾ ਉਲੀਕੇਗੀ। ਉਹਨਾਂ ਨੇ ਇਸ ਮੌਕੇ ਮੇਜਰ ਸਿੰਘ ਦੇ ਸਿਰ ਚੜ•ੇ ਸਾਰੇ ਕਰਜ਼ੇ ਨੂੰ ਤੁਰੰਤ ਮੁਆਫ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੇਜਰ ਸਿੰਘ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਸ ਨੇ ਰਾਸ਼ਟਰੀਕ੍ਰਿਤ ਬੈਂਕਾਂ , ਸਹਿਕਾਰੀ ਬੈਂਕਾਂ ਅਤੇ ਆੜ•ਤੀਆਂ ਤੋਂ ਕਰਜ਼ਾ ਲਿਆ ਸੀ। ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰ ਨੁੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਖੁਦਕੁਸ਼ੀ ਪੀੜਤ ਦੇ ਬੇਟੇ ਨੂੰ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇ।
ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਸਥਾਨਕ ਕਾਂਗਰਸੀ ਵਿਧਾਇਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੀ ਨਹੀਂ ਆਇਆ। ਉਹਨਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਗੱਲ ਵਾਪਰੀ ਹੈ ਕਿ ਇੱਕ ਕਿਸਾਨ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਉਸ ਨੇ ਇੱਕ ਪਾਰਟੀ ਨੂੰ ਇਸ ਲਈ ਵੋਟ ਪਾਈ ਸੀ , ਕਿਉਂਕਿ ਪਾਰਟੀ ਨੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਮੈਨੂੰ ਪਰਿਵਾਰ ਨੇ ਦੱਸਿਆ ਹੈ ਕਿ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ ਉਹਨਾਂ ਦੇ ਘਰ ਆਇਆ ਸੀ ਅਤੇ ਉਸ ਨੇ ਤਿੰਨ ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਸਰਦਾਰ ਬਾਦਲ ਨੇ ਕਿਹਾ ਕਿ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ, ਜਿਸ ਨੂੰ ਆਪਣੀ ਤਾਇਨਾਤੀ ਬਾਰੇ ਵੀ ਕੋਈ ਭਰੋਸਾ ਨਹੀਂ ਹੁੰਦਾ ਉਹ ਕਿਵੇਂ ਅਜਿਹੀ ਪੇਸ਼ਕਸ਼ ਕਰ ਸਕਦਾ ਹੈ? ਉਹਨਾਂ ਕਿਹਾ ਕਿ ਇਹ ਪੇਸ਼ਕਸ਼ ਸ਼ਰਤੀਆ ਮੁੱਖ ਮੰਤਰੀ ਦੇ ਦਫਤਰ ਵੱਲੋਂ ਆਈ ਹੋਣੀ ਹੈ।
ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਲਈ ਕਿਸਾਨਾਂ ਦੁਆਰਾ ਭਰੇ ਗਏ ਉਹਨਾਂ ਫਾਰਮਾਂ ਦਾ ਇਸਤੇਮਾਲ ਕਰੇ, ਜਿਹੜੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਭਰਵਾਏ ਗਏ ਸਨ। ਉਹਨਾਂ ਕਿਹਾ ਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਕਿਸਾਨਾਂ ਦੇ ਕਰਜ਼ੇ ਵਾਲੇ ਖਾਤਿਆਂ ਦੇ ਅੰਕੜੇ ਨਹੀਂ ਹਨ। ਇਹ ਕੋਰਾ ਬਹਾਨਾ ਹੈ। ਸਰਕਾਰ ਨੂੰ ਤੁਰੰਤ ਮੁਕੰਮਲ ਕਰਜ਼ਾ ਮੁਆਫੀ ਦੇ ਅਮਲ ਨੂੰ ਸਿਰੇ ਚੜਾਉਣ ਲਈ ਕਿਸਾਨਾਂ ਦੁਆਰਾ ਭਰੇ ਫਾਰਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਪਿਛਲੇ ਚਾਰ ਮਹੀਨਿਆਂ ਵਿਚ ਹੋਈਆਂ 150 ਖੁਦਕੁਸ਼ੀਆਂ ਮਗਰੋਂ ਖੁਦਕੁਸ਼ੀਆਂ ਦੇ ਇਸ ਮੰਦਭਾਗੇ ਰੁਝਾਣ ਲਈ ਨਿਰੋਲ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਦਾਰ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੁੱਛਿਆ ਕਿ ਉਹ ਜੁਆਬ ਦੇਵੇ ਕਿ ਉਸ ਨੇ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਿਸਾਨਾਂ ਨਾਲ ਧੋਖਾ ਕਿਉਂ ਕੀਤਾ? ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਦਾ ਵਿਚਾਰ ਮਨਪ੍ਰੀਤ ਬਾਦਲ ਦੀ ਕਾਢ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਨੇ ਹੀ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਕਰਜ਼ਾ ਮੁਆਫੀ ਨੂੰ ਸ਼ਾਮਿਲ ਕਰਵਾਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਵਿੱਤ ਮੰਤਰੀ ਰਹਿ ਚੁੱਕਿਆ ਹੋਣ ਕਰਕੇ ਜਾਣਦਾ ਹੈ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਪਰੰਤੂ ਜਦੋਂ ਬਜਟ ਵਿਚ ਇਸ ਨੂੰ ਲਾਗੂ ਕਰਨ ਦਾ ਸਮਾਂ ਆਇਆ ਤਾਂ ਉਸ ਨੇ ਸਿਰਫ 1500 ਕਰੋੜ ਰੁਪਏ ਦਾ ਐਲਾਨ ਕਰਕੇ ਬੁੱਤਾ ਸਾਰ ਦਿੱਤਾ। ਇੰਨਾ ਹੀ ਨਹੀਂ, ਇਹ ਮਾਮੂਲੀ ਰਾਸ਼ੀ ਵੀ ਅਜੇ ਜਾਰੀ ਨਹੀਂ ਕੀਤੀ ਗਈ। ਅਜਿਹਾ ਕਰਨਾ ਕਿਸਾਨਾਂ ਨੂੰ ਧੋਖਾ ਦੇਣ ਦੇ ਤੁੱਲ ਹੈ, ਜਿਸ ਵਾਸਤੇ ਉਸ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਕਿਸਾਨੀ ਕਰਜ਼ਾ ਮੁਆਫ਼ ਨਾ ਕਰਨ ‘ਤੇ ਜ਼ਬਰਦਸਤ ਸੰਘਰਸ਼ ਦਾ ਸਾਹਮਣੇ ਕਰਨ ਲਈ ਤਿਆਰ ਰਹੇ ਸਰਕਾਰ : ਮਜੀਠੀਆ
ਇਸ ਮੌਕੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਇੱਕ ਇੱਕ ਕਿਸਾਨ ਦੀ ਮੌਤ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਵਿਰੁੱਧ ਖੁਦਕੁਸ਼ੀ ਕਰ ਗਏ ਸਾਰੇ ਕਿਸਾਨਾਂ ਦਾ ਪਰਜਾ ਦਰਜ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਮਨਪ੍ਰੀਤ ਕਾਂਗਰਸ ਚੋਣ ਮੈਨੀਫੈਸਟੋ ਦੇ ਕਰਤਾ ਅਤੇ ਜਾਰੀ ਕਰਤਾ ਹਨ, ਜੋ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਝੂਠੇ ਲਾਰਿਆਂ ਕਾਰਨ ਅੱਜ ਹਰ ਰੋਜ਼ ਦੋ ਕਰਜ਼ਾਈ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਉਹਨਾਂ ਮੰਗਾਂ ਨਾ ਮੰਨਿਆਂ ਜਾਣ ‘ਤੇ ਜ਼ਬਰਦਸਤ ਸੰਘਰਸ਼ ਦਾ ਸਾਹਮਣੇ ਕਰਨ ਲਈ ਤਿਆਰ ਰਹਿਣ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ।
ਇਸ ਮੌਕੇ ਸ: ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਮਲਕੀਤ ਸਿੰਘ ਏ ਆਰ, ਰਵਿੰਦਰ ਸਿੰਘ ਬ੍ਰਹਮਪੁਰਾ, ਵਿਰਸਾ ਸਿੰਘ ਵਲਟੋਹਾ, ਡਾ: ਦਲਬੀਰ ਸਿੰਘ ਵੇਰਕਾ, ਤਲਬੀਰ ਸਿੰਘ ਗਿੱਲ, ਮੇਜਰ ਸਿੰਘ ਸ਼ਿਵੀ, ਸਤਿੰਦਰਪਾਲ ਸਿੰਘ ਮਰਗਿੰਦਪੁਰਾ, ਬਲਦੇਵ ਸਿੰਘ ਤੇੜਾ, ਤਰਸੇਮ ਸਿੰਘ, ਸੁਰਜੀਤ ਮਸੀਹ, ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

