ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ‘ਤੇ ਸਲਾਨਾ ਭੰਡਾਰੇ
ਮੌਕੇ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ
ਲਖਵਿੰਦਰ ਵਡਾਲੀ ਅਤੇ ਮਹੰਤ ਸੋਨੀਆਂ ਐਂਡ ਪਾਰਟੀ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ
ਪਟਿਆਲਾ, 28 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਏ ਟੈਂਕ ਅਦਾਲਤ ਬਜ਼ਾਰ ‘ਚ ਸਥਿਤ ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ਵਿਖੇ 113ਵਾਂ ਸਾਲਾਨਾ ਉਰਸ ਮੁਬਾਰਕ ਬੜੇ ਧੁਮ-ਧਾਮ ਨਾਲ ਮਨਾਇਆ ਗਿਆ।
ਇਸ ਦੋਰਾਨ ਝੰਡਾ ਚੜਾਉਣ ਦੀ ਰਸਮ ਸਵੇਰੇ 5 ਵਜੇ ਗੱਦੀ ਨਸ਼ੀਨ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ ਵੱਲੋਂ ਅਦਾ ਕੀਤੀ ਗਈ, ਜਦਕਿ ਭੰਡਾਰਾ ਲੰਗਰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਗਿਆ ਜੋ ਸਾਰਾ ਦਿਨ ਚੱਲਦਾ ਰਿਹਾ। ਨਜ਼ਰ ਨਿਆਜ਼ ਤੇ ਚਾਦਰਾਂ ਚੜਾਉਣ ਦੀ ਰਸਮ ਸ਼ਾਮ 6 ਵਜੇ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ ਵੱਲੋਂ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਬੀਤੀ ਰਾਤ ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਸੂਫੀ ਕਲਾਮ ਪੇਸ਼ ਕੀਤੇ ਗਏ, ਜਦਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹੰਤ ਸੋਨੀਆਂ ਐਂਡ ਪਾਰਟੀ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਲਖਵਿੰਦਰ ਵਡਾਲੀ ਨੇ ਆਪਣੀ ਸੂਫੀਆਨਾ ਗਾਇਕੀ ਰਾਹੀਂ ਆਏ ਹੋਏ ਸ਼ਰਧਾਲੂਆਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ। ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰੇ ਨੂੰ ਲੈ ਕੇ ਸਾਂਝਾ ਪੀਰ ਦੀ ਦਰਗਾਹ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਰੰਗੀਆਂ ਰੋਸ਼ਨੀਆਂ ਨਾਲ
ਸਜਾਇਆ ਗਿਆ ਹੈ। ਦਰਗਾਹ ‘ਤੇ ਆਉਂਦੇ ਸ਼ਰਧਾਲੂਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ। ਸਾਰਾ ਦਿਨ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਜਿੱਥੇ ਆਵਾਜਾਈ ਲੱਗੀ ਰਹੀ, ਉੱਥੇ ਹੀ ਦਰਗਾਹ ਦੇ ਸੇਵਾਦਾਰਾਂ ਵੱਲੋਂ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਭੰਡਾਰੇ ਨੂੰ ਲੈ ਕੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਭੰਡਾਰੇ ਵਿੱਚ ਵੱਖ-ਵੱਖ ਸਮਾਜਿਕ, ਸਿਆਸੀ ਸਖਸ਼ੀਅਤਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਆਏ ਸਾਧੂ ਸੰਤਾਂ ਨੇ ਸ਼ਿਰਕਤ ਕੀਤੀ।

