ਪਟਿਆਲਾ

ਕਸ਼ਮੀਰ ਵਿਚ ਸਿੱਖਾਂ ਦੀ ਕੋਈ ਸੁਣਵਾਈ ਨਹੀਂ : ਡਾ. ਸ਼ਾਨ

ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਗਲੋਬਲ ਪੰਜਾਬ ਫਾਊਂਡੇਸ਼ਨ ਪਟਿਆਲਾ ਵੱਲੋਂ ਕਸ਼ਮੀਰ ਦੇ ਸਿੱਖਾਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਲਈ ਇਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।

ਪੰਜਾਬ ਸਕੂਲ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਇਸ ਗੋਸ਼ਟੀ ਵਿਚ ‘ਸਿੱਖ ਮਨਾਰਿਟੀ ਫਰੰਟ ਜੇ ਐਂਡ ਕੇ’ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਸ਼ਾਨ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਬੋਲਦੇ ਡਾ. ਸ਼ਾਨ ਨੇ ਕਿਹਾ ਕਿ ਅਜੇ ਤੱਕ ਚਿੱਠੀ ਸਿੰਘਪੁਰਾ ਜਿੱਥੇ 36 ਸਿੱਖ ਕਤਲ ਹੋਏ ਸਨ, ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਕਮਿਸ਼ਨ ਨਿਯੁਕਤ ਕੀਤਾ ਗਿਆ। ਡਾ. ਸ਼ਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਘੱਟ ਗਿਣਤੀ ਕਮਿਸ਼ਨ ਸੁਣਵਾਈ ਨਹੀਂ। ਡਾ. ਜੋਗਿੰਦਰ ਸਿੰਘ ਸ਼ਾਨ ਨੇ ਮੰਗ ਕੀਤੀ ਕਿ ਦਹਿਸ਼ਤਵਾਦ ਦੇ ਖਤਰੇ ਨੂੰ ਮਹਿਸੂਸ ਕਰਦਿਆਂ ਜੋ ਸਿੱਖ ਬਾਰਾਮੁੱਲਾ, ਕੁੱਪਵਾੜਾ ਅਤੇ ਬਡਗਾਂਵ ਜ਼ਿਲ੍ਹਿਆਂ ਤੋਂ ਹਿਜ਼ਰਤ ਕਰਕੇ ਆਏ ਹਨ, ਉਨ੍ਹਾਂ ਨੂੰ ਕਸ਼ਮੀਰੀ ਪੰਡਤਾਂ ਵਾਂਗ ਮੁਆਵਜ਼ਾ ਦਿੱਤਾ ਜਾਵੇ। ਇਸ ਤਰ੍ਹਾਂ 1947 ਵਿਚ ਉੜੀ, ਮੁਜ਼ਾਫਰਾਬਾਦ, ਪੁੰਣਸ, ਚਕਾਰ, ਮੀਰਪੋਰ ਆਦਿ ਥਾਵਾਂ ਤੋਂ ਆਏ ਹਜ਼ਾਰਾਂ ਸਿੱਖਾਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਡਾ. ਸ਼ਾਨ ਨੇ ਮੰਗ ਕੀਤੀ ਕਿ ਰਿਆਸਤ ਦੀ ਵਿਧਾਨ ਸਭਾ ਵਿਚ ਸਿੱਖ ਨੁਮਾਇੰਦਾ ਨਾਮਜ਼ਦ ਹੋਣਾ ਚਾਹੀਦਾ ਹੈ। ਡਾ.ਸ਼ਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਗੁਰਦੁਆਰਾ ਕਮੇਟੀ ਦਿੱਲੀ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਆਪਣੇ ਭਾਸ਼ਣ ਵਿਚ ਉਨ੍ਹਾਂ ਕਸ਼ਮੀਰੀ ਸਿੱਖਾਂ ਦੀ ਸਮੱਸਿਆਵਾਂ ਦਾ ਜ਼ਿਕਰ ਵਿਸਥਾਰ ਵਿਚ ਕੀਤਾ। ਡਾ. ਕੇਹਰ ਸਿੰਘ ਨੇ ਕਿਹਾ ਕਿ ਕਸ਼ਮੀਰੀ ਸਿੱਖਾਂ ਦੇ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਫਾਊਂਡੇਸ਼ਨ ਚੇਅਰਮੈਨ ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਕਸ਼ਮੀਰ ਵਿਚ ਵੱਸਦੇ 70 ਹਜ਼ਾਰ ਸਿੱਖਾਂ ਦੀ ਮਦਤ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਆਉਣਾ ਚਾਹੀਦਾ ਹੈ। ਡਾ. ਵਾਲੀਆ ਨੇ ਕਸ਼ਮੀਰੀ ਸਿੱਖਾਂ ਦੀਆਂ ਅਗਵਾ ਹੋ ਰਹੀਆਂ ਲੜਕੀਆਂ ਬਾਰੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਬਲਵੀਰ ਸਿੰਘ ਅਰੋੜਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Leave a Reply

Your email address will not be published. Required fields are marked *