ਸੰਯੁਕਤ ਰਾਸ਼ਟਰ ਵੱਲੋਂ ਉਤਰ ਕੋਰੀਆ ਵਿਰੁੱਧ ਪਾਬੰਦੀਆਂ
ਸੰਯੁਕਤ ਰਾਸ਼ਟਰ 6 ਅਗਸਤ (ਏਜੰਸੀਆਂ) ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਉੱਤਰੀ ਕੋਰੀਆ ਵਿਰੁੱਧ ਪਾਬੰਦੀ ਹੋਰ ਸਖਤ ਕਰਨ ਦੇ ਸੰਬੰਧ ਵਿਚ ਅਮਰੀਕਾ ਵਲੋਂ ਤਿਆਰ ਪ੍ਰਸਤਾਵ ਨੂੰ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ।
ਉੱਤਰੀ ਕੋਰੀਆ ਵਲੋਂ ਲਗਾਤਾਰ ਮਿਜ਼ਾਈਲ ਪਰੀਖਣਾਂ ਤੋਂ ਬਾਅਦ ਗਤੀਰੋਧ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀਆਂ ਇਨ੍ਹਾਂ ਪਾਬੰਦੀਆਂ ‘ਚ ਦਰਾਮਦ ‘ਤੇ ਰੋਕ ਵੀ ਸ਼ਾਮਲ ਹੈ, ਜਿਸ ਦਾ ਮਕਸਦ ਪਿਓਂਗਯਾਂਗ ਨੂੰ ਇਕ ਅਰਬ ਡਾਲਰ ਦੇ ਸਲਾਨਾ ਮਾਲੀਆ ਤੋਂ ਵਾਂਝੇ ਕਰਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਉੱਤਰੀ ਕੋਰੀਆ ਵਿਰੁੱਧ ਚੁੱਕਿਆ ਗਿਆ ਇਹ ਪਹਿਲਾ ਇਸ ਤਰ੍ਹਾਂ ਦਾ ਕਦਮ ਹੈ।
ਚੀਨ ਨਾਲ ਤਕਰੀਬਨ ਇਕ ਮਹੀਨੇ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਇਸ ਪ੍ਰਸਤਾਵ ਦਾ ਮਸੌਦਾ ਤਿਆਰ ਕੀਤਾ ਸੀ। ਚੀਨ, ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਹੈ। ਇਨ੍ਹਾਂ ਪਾਬੰਦੀਆਂ ਦਾ ਮਸੌਦਾ 4 ਜੁਲਾਈ ਨੂੰ ਉੱਤਰੀ ਕੋਰੀਆ ਵਲੋਂ ਕੀਤੇ ਗਏ ਅੰਤਰ ਮਹਾਂਦੀਪ ਬੈਲਸਟਿਕ ਮਿਜ਼ਾਈਲ ਪਰੀਖਣ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਪਰ ਜਦੋਂ ਤੱਕ ਮਸੌਦੇ ਨੇ ਆਖਰੀ ਰੂਪ ਲਿਆ, ਉਦੋਂ ਤੱਕ 28 ਜੁਲਾਈ ਨੂੰ ਉੱਤਰੀ ਕੋਰੀਆ ਨੇ ਇਕ ਹੋਰ ਮਿਜ਼ਾਈਲ ਪਰੀਖਣ ਕਰ ਦਿੱਤਾ ਸੀ। ਹਾਲਾਂਕਿ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਦੇ ਵਿਵਹਾਰ ‘ਚ ਕੋਈ ਬਦਲਾਅ ਨਹੀਂ ਆਇਆ ਹੈ।

