ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗੱਡੀਆਂ ਦਾ ਧੂੰਆਂ ਚੈੱਕ ਕਰਨ ਵਾਲੇ ਸੈਂਟਰਾਂ ਦੀ ਚੈਕਿੰਗ
ਪਟਿਆਲਾ 10 ਅਗਸਤ (ਮਧੂਸਾਰ ਬਿਊਰੋ) ਪ੍ਰਦੂਸ਼ਣ ਕੰਟਰੋਲ ਬੋਰਡ ਨੇ 100 ਟੀਮਾਂ ਬਣਾ ਕੇ ਪੰਜਾਬ ਭਰ ਵਿੱਚ ਗੱਡੀਆਂ ਦਾ ਧੂੰਆਂ ਚੈÎੱਕ ਕਰਕੇ ਸਰਟੀਫਿਕੇਟ ਜਾਰੀ ਕਰਨ ਵਾਲੇ ਕਰੀਬਨ 225 ਅਜਿਹੇ ਸੈਂਟਰਾਂ ਦੀ ਚੈਕਿੰਗ ਕੀਤੀ ਅਤੇ 100 ਦੇ ਕਰੀਬ ਸੈਂਟਰ ਅਜਿਹੇ ਮਿਲੇ ਜੋ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
ਬੋਰਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹਨਾਂ ਪ੍ਰਦੂਸ਼ਣ ਚੈÎੱਕ ਸੈਂਟਰਾਂ ਸਬੰਧੀ ਬਹੁਤ ਸ਼ਿਕਾਇਤਾਂ ਬੋਰਡ ਨੂੰ ਪ੍ਰਾਪਤ ਹੋ ਰਹੀਆਂ ਸਨ ਕਿ ਇਹ ਸੈਂਟਰ ਬਿਨ੍ਹਾਂ ਚੈÎੱਕ ਕੀਤੇ ਹੀ ਪੈਸੇ ਲੈ ਕੇ ਸਰਟੀਫਿਕੇਟ ਜਾਰੀ ਕਰ ਰਹੇ ਹਨ ਜਿਸ ਨਾਲ ਜਿੱਥੇ ਮੋਟਰ ਸਾਇਕਲਾਂ, ਕਾਰਾਂ, ਗੱਡੀਆਂ ਆਦਿ ਦੇ ਇੰਜਣਾਂ ਦੀ ਸਹੀ ਟਿਊਨਿੰਗ ਨਾ ਹੋਣ ਕਾਰਨ ਪੈਟਰੋਲ/ਡੀਜ਼ਲ ਦੀ ਜ਼ਿਆਦਾ ਖਪਤ ਹੋਣ ਕਰਕੇ ਇਹਨਾਂ ਵਿੱਚੋਂ ਨਿਕਲ ਰਿਹਾ ਕਾਲਾ ਧੂੰਆਂ ਵਾਤਾਵਰਣ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਬੋਰਡ ਨੇ ਹਰਕਤ ਵਿੱਚ ਆਉਂਦਿਆਂ ਵਾਤਾਵਰਣ ਇੰਜੀਨਿਅਰਾਂ ਦੀ ਅਗਵਾਈ ਵਿੱਚ ਕਰੀਬਨ 100 ਟੀਮਾਂ ਬਣਾ ਕੇ ਪੰਜਾਬ ਭਰ ਦੇ 225 ਅਜਿਹੇ ਸੈਂਟਰਾਂ ਦਾ ਬੜੀ ਬਾਰੀਕੀ ਨਾਲ ਨਿਰੀਖਣ ਕੀਤਾ। ਬਹੁਤੇ ਸੈਂਟਰਾਂ ਕੋਲ ਤਾਂ ਧੂੰਆਂ ਮਾਪਣ ਵਾਲੇ ਯੰਤਰਾਂ ਨੂੰ ਕੈਲੀਬਰੇਟ ਕਰਨ ਲਈ ਲੋੜੀਂਦੀਆਂ ਸਪੈਨ ਗੈਸਾਂ ਹੀ ਮੌਜੂਦ ਨਹੀਂ ਸਨ ਜਾਂ ਫਿਰ ਯੰਤਰਾਂ ਦੀ ਹਾਲਤ ਬਹੁਤ ਖਸਤਾ ਸੀ। ਉਹਨਾਂ ਅੱਗੇ ਦੱਸਿਆ ਕਿ ਜਿਨ੍ਹਾਂ 100 ਸੈਂਟਰਾਂ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਉਹਨਾਂ ਸੈਂਟਰਾਂ ਖਿਲਾਫ਼ ਰੂਲਾਂ ਅਨੁਸਾਰ ਬਣਦੀ ਕਾਰਵਾਈ ਲਈ ਟ੍ਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਜਿਹੇ ਸੈਂਟਰਾਂ ਨੂੰ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣਾ ਇਹ ਨੈਤਿਕ ਫਰਜ਼ ਨਿਭਾਉਣਾ ਚਾਹੀਦਾ ਹੈ ਕਿ ਮੋਟਰ ਸਾਇਕਲਾਂ/ਗੱਡੀਆਂ ਦੇ ਮਾਲਕਾਂ ਨੂੰ ਧੂੰਏਂ ਦੀ ਮਾਤਰਾ ਦਾ ਸਹੀ ਮੁਲਾਂਕਣ ਦੱਸਣ ਤਾਂ ਜੋ ਗੱਡੀ ਦੀ ਟਿਊਨਿੰਗ ਕਰਵਾ ਕੇ ਪੈਟਰੋਲ, ਡੀਜ਼ਲ ਦੀ ਖਪਤ ਨੂੰ ਰੈਗੂਲੇਟ ਕਰਕੇ ਔਸਤ ਵਧਾਈ ਜਾ ਸਕੇ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।

