ਪੰਜਾਬਪਟਿਆਲਾ

ਵਾਈਸ ਚਾਂਸਲਰ ਵੱਲੋਂ ਪੰਜ ਆਰਟਸ ਬਲਾਕਾਂ ਦੇ 20 ਵਿਭਾਗਾਂ ਦੀ ਅਚਨਚੇਤ ਚੈਕਿੰਗ

ਪਟਿਆਲਾ, 17 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਅੱਜ ਅਧਿਆਪਕਾਂ ਦੇ ਕੰਮਕਾਜ ਅਤੇ ਉਪਲਬਧਤਾ ਦੇ ਮੱਦੇਨਜ਼ਰ ਪੰਜ ਆਰਟਸ ਬਲਾਕਾਂ ਦੇ 20 ਵਿਭਾਗਾਂ ਵਿਖੇ ਅਚਾਨਕ ਮੁਲਾਕਾਤ ਕੀਤੀ ਗਈ।ਇਸ ਮੌਕੇ ਤੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿਘ; ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਸਿੰਘ ਮਾਨ ਮੌਜੂਦ ਸਨ।

ਇਸ ਮੌਕੇ ਤੇ ਡਾ. ਘੁੰਮਣ ਵਲੋਂ ਉਨ੍ਹਾਂ ਅਧਿਆਪਕਾਂ, ਜੋ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾ ਰਹੇ ਸਨ, ਦੀ ਪ੍ਰਸ਼ੰਸਾ ਕੀਤੀ ਗਈ ਅਤੇ ਗੈਰ-ਹਾਜ਼ਰ ਅਧਿਆਪਕਾਂ ਬਾਰੇ ਉਨ੍ਹਾਂ ਦੇ ਸਬੰਧਤ ਵਿਭਾਗਾਂ ਦੇ ਸਹਿਯੋਗੀ ਸਟਾਫ ਨੂੰ ਇਹ ਸੰਦੇਸ਼ ਦਿੱਤਾ ਕਿ ਇਹ ਅਧਿਆਪਕ ਭਵਿੱਖ ਵਿੱਚ ਸੁਚੇਤ ਹੋ ਕੇ ਕੰਮ ਕਰਨ।ਡਾ. ਘੁੰਮਣ ਨੇ ਅੱਗੇ ਕਿਹਾ ਕਿ ਗੈਰ-ਹਾਜ਼ਰ ਅਧਿਆਪਕਾਂ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਸਟੱਡੀਜ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਡਾ. ਘੁੰਮਣ ਨੇ ਸਟਾਫ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਖਾਲੀ ਕਮਰਿਆਂ ਵਿੱਚ ਏ.ਸੀ., ਲਾਈਟਾਂ ਅਤੇ ਪੱਖੇ ਚਲਦੇ ਰਹਿੰਦੇ ਹਨ ਜਿਸ ਨਾਲ ਬਿਜਲੀ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਹਿਲਾਂ ਤੋਂ ਹੀ ਮੌਜੂਦ ਗਲੋਬਲ ਵਾਰਮਿੰਗ ਅਤੇ ਦੇਸ਼ ਵਿੱਚ ਬਿਜਲੀ ਦੀ ਘਾਟ ਨਾਲ ਸਥਿਤੀ ਹੋਰ ਗੰਭੀਰ ਹੋ ਰਹੀ ਹੈ।
ਇਸ ਮੌਕੇ ਤੇ ਉਨ੍ਹਾਂ ਕਾਰਜਕਾਰੀ ਇੰਜੀਨੀਅਰ ਸ਼੍ਰੀ ਐਮ.ਐਸ. ਸਿੱਧੂ ਅਤੇ ਉਨ੍ਹਾਂ ਦੇ ਸਟਾਫ ਨੂੰ ਯੂਨੀਵਰਸਿਟੀ ਦੇ ਹਰ ਕੋਨੇ ਵਿੱਚ ਸਾਫ-ਸੁਥਰਾ ਵਾਤਾਵਰਣ ਕਾਇਮ ਕਰਨ, ਟਾਇਲੈਟਾਂ ਦੀ ਸਾਂਭ-ਸੰਭਾਲ ਕਰਨ ਅਤੇ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹਿਯੋਗੀ ਸਟਾਫ ਦੀ ਸਿਹਤ ਦਾ ਧਿਆਨ ਰੱਖਣ ਲਈ ਸਾਵਧਾਨ ਕੀਤਾ। ਡਾ. ਘੁੰਮਣ ਨੇ ਰਜਿਸਟਰਾਰ ਨੂੰ ਯੂਨੀਵਰਸਿਟੀ ਦਾ ਸੁੰਦਰ ਅਤੇ ਸਾਫ-ਸੁੱਥਰਾ ਮਾਹੌਲ ਬਣਾਉਣ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਨਿਜੀ ਦਿਲਚਸਪੀ ਲੈਣ ਲਈ ਆਖਿਆ।

Leave a Reply

Your email address will not be published. Required fields are marked *