ਪਟਿਆਲਾ

‘ਸਰਕਾਰ ਨੂੰ ਕਿਸਾਨ ਖੁਦਕਸ਼ੀਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ’

ਪਟਿਆਲਾ, 18 ਅਗਸਤ (ਮਧੂਸਾਰ ਬਿਊਰੋ) ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਮੁੱਦਾ ਅਕਸਰ ਸਾਡੀ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਵੀ ਛਾਇਆ ਰਹਿੰਦਾ ਹੈ।

ਸਰਕਾਰ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਕਮਿਸ਼ਨ ਵੀ ਬਿਠਾਏ ਹਨ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਗੰਭੀਰਤਾ ਵੀ ਵਿਖਾ ਰਹੀ ਹੈ। ਪਰ ਕੀ ਕਰਜ਼ੇ ਮਾਫ਼ ਕਰਨ ਨਾਲ ਕਿਸਾਨਾਂ ਦੀਆਂ ਕੀਮਤੀ ਜਾਨਾਂ ਅਜਾਈਂ ਜਾਣ ਤੋਂ ਰੋਕੀਆਂ ਜਾ ਸਕਦੀਆਂ ਹਨ। ਉੱਕਤ ਗੰਭੀਰ ਮਸਲੇ ਉਪਰ ਸਾਡੀ ਨੌਜਵਾਨ ਪੀੜ੍ਹੀ ਦੀ ਸੋਚ ਕੀ ਹੈ? ਉਹ ਕਿੰਨੇ ਕੁ ਜਾਗਰੂਕ ਹਨ। ਇਸ ਲਈ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਦੇ ਵਿਚਾਰ ਜਾਣਨ ਲਈ ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼ ਦੇ ਪੱਤਰਕਾਰੀ ਅਤੇ ਜਨ-ਸੰਚਾਰ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਇੱਕ ਸਰਵੇਖਣ ਕੀਤਾ ਗਿਆ।
ਇਸ ਸਰਵੇਖਣ ਦਾ ਸੰਚਾਲਨ ਕੈਮਜ਼ ਵਿਭਾਗ ਦੀ ਭਾਗ ਦੂਜਾ ਦੀ ਸਿਮਰਨਜੀਤ ਕੌਰ ਅਤੇ ਕੈਮਜ਼ ਵਿਭਾਗ ਦੇ ਅਧਿਆਪਕ ਅਤੇ ਇੰਚਾਰਜ ਡਾ. ਭੁਪਿੰਦਰ ਸਿੰਘ ਬੱਤਰਾ ਦੀ ਅਗਵਾਈ ਵਿੱਚ ਕੀਤਾ ਗਿਆ। ਸਰਵੇਖਣ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਖੁ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਵਿੱਚ ਕਿਸਾਨਾਂ ਵੱਲੋਂ ਫੋਕੀ ਟੌਹਰ ਲਈ ਕਰਜ਼ੇ ਚੁੱਕਣਾ ਅਤੇ ਵਿਆਹ-ਸ਼ਾਦੀਆਂ ਵਿੱਚ ਵੀ ਆਪਣੀ ਸਮਰੱਥਾ ਤੋਂ ਉਪਰ ਖ਼ਰਚੇ ਕਰਨਾ ਹੈ। ਆੜ੍ਹਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਵੀ ਮੁੱਖ ਕਾਰਨ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਕਲਚਰ ਵਿੱਚ ਪੰਜਾਬੀ ਗਾਣਿਆਂ ਵਿੱਚ ਤਾਂ ਜੱਟਾਂ ਨੂੰ ਵਡਿਆਇਆ ਜਾਂਦਾ ਹੈ ਪਰ ਹਕੀਕਤ ਇਸ ਦੇ ਉਲਟ ਹੈ।ਸਾਡੇ ਪੰਜਾਬੀ ਗਾਣਿਆਂ ਵਿੱਚ ਦਿਖਾਈ ਜਾਂਦੀ ਜੱਟਾਂ ਦੀ ਟੌਹਰ ਅਸਲੀਅਤ ਤੋਂ ਉੱਲਟ ਹੈ।
ਸਰਵੇਖਣ ਦੌਰਾਨ ਇਹ ਗੱਲ ਹੈਰਾਨੀ ਵਾਲੀ ਸੀ ਕਿ ਬਹੁਤ ਸਾਰੇ ਵਿਦਿਆਰਥੀ ਇਸ ਮਾਮਲੇ ਉੱਪਰ ਗੰਭੀਰ ਨਹੀਂ ਹਨ ਤੇ ਉਨ੍ਹਾਂ ਨੇ ਇਸ ਵਿਸ਼ੇ ਉੱਪਰ ਗੱਲ ਕਰਨ ਤੋਂ ਵੀ ਸਾਫ਼ ਮਨ੍ਹਾਂ ਕਰ ਦਿੱਤਾ।
ਕੁੱਝ ਵਿਦਿਆਰਥੀਆਂ ਦੇ ਵਿਚਾਰ ਸਨ ਕਿ ਸਰਕਾਰ ਨੂੰ ਕਿਸਾਨ ਖੁਦਕਸ਼ੀਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਕਰਜ਼ੇ ਮਾਫ਼ ਕਰਨਾ ਕੋਈ ਸਥਾਈ ਹੱਲ ਨਹੀਂ ਹੈ। ਇਸ ਸਰਵੇਖਣ ਵਿੱਚ ਕੈਮਜ਼ ਦੇ ਅੰਕਿਤ ਗਰਗ, ਇਨਾਇਤ, ਦਪਿੰਦਰ, ਤਰਨਇੰਦਰ, ਜੈਸਮੀਨ, ਲਾਡੀ ਸਿੰਘ, ਮਨਦੀਪ, ਵਿਮਲ ਆਦਿ ਨੇ ਹਿੱਸਾ ਲਿਆ।

Leave a Reply

Your email address will not be published. Required fields are marked *