ਡਾ. ਜਤਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਿੱਖਿਆ ਨਿਯੁਕਤ
ਪ੍ਰੋ. ਬਡੂੰਗਰ ਦੀ ਹਾਜ਼ਰੀ ‘ਚ ਸੰਭਾਲਿਆ ਅਹੁਦਾ
ਪਟਿਆਲਾ, 21 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਲਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੂੰ ਪੂਰੀ ਸਮਰਥਾ ਨਾਲ ਚਲਾਉਣ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ ਸਨ। ਇਹਨਾਂ ਇਸ਼ਤਿਹਾਰਾਂ ਦੇ ਆਧਾਰ ‘ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਇੰਟਰਵਿਊ ਰੱਖੀ ਗਈ ਸੀ ਜਿਸ ਵਿਚ ਡਾ. ਜਤਿੰਦਰ ਸਿੰਘ ਸਿੱਧੂ ਨੂੰ ਬਤੌਰ ਡਾਇਰੈਕਟਰ ਚੁਣਿਆ ਗਿਆ।
58 ਸਾਲਾ ਦੇ ਸ੍ਰ ਸਿੱਧੂ ਸਾਲ 2009 ਤੋਂ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਪਿੰ੍ਰਸੀਪਲ ਆਪਣੀਆਂ ਸੇਵਾਵਾਂ ਦੇ ਰਹੇ ਸਨ। ਦੂਜੇ ਪਾਸੇ ਡਾਇਰੈਕਟਰ ਵਜੋਂ ਵਧੀਕ ਚਾਰਜ ਪ੍ਰਾਪਤ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭੱਾ ਨੂੰ ਰਸਮੀ ਵਿਦਾਇਗੀ ਦਿੱਤੀ ਗਈ।
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਨਵ ਨਿਯੁਕਤ ਡਾਇਰੈਕਟਰ ਡਾ. ਜਤਿੰਦਰ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ ਤੇ ਸਿਰੋਪਾਓ ਬਖਸ਼ਿਸ਼ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਡਾਇਰੈਕਟਰ ਦੀ ਆਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਸੀ । ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਨਿਯੁਕਤੀ ਨਾਲ ਉਹ ਉਮੀਦਾਂ ਤੇ ਮੰਤਵ ਜਰੂਰ ਪੂਰੇ ਹੋਣਗੇ ਜਿਹਨਾਂ ਨੂੰ ਧਿਆਨ ਵਿਚ ਰੱਖਦਿਆਂ ਡਾਇਰੈਕਟੋਰੇਟ ਦੀ ਸਥਾਪਨਾ ਕੀਤੀ ਗਈ ਸੀ।
ਪ੍ਰੋ. ਬਡੂੰਗਰ ਨੇ ਡਾ. ਧਰਮਿੰਦਰ ਸਿੰਘ ਉਭੱਾ ਵੱਲੋਂ ਡਾਇਰੈਕਟਰ ਵਜੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਸ੍ਰ ਦਰਬਾਰਾ ਸਿੰਘ ਗੁਰੂ ਸਕੱਤਰ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਮਹਿੰਦਰ ਸਿੰਘ ਆਹਲੀ, ਸ੍ਰ ਸਿਮਰਜੀਤ ਸਿੰਘ ਸਕੱਤਰ ਸਿੱਖਿਆ, ਡਾ. ਗੁਰਵੀਰ ਸਿੰਘ ਡਾਇਰੈਕਟਰ, ਡਾ. ਪਰਮਵੀਰ ਸਿੰਘ ਪ੍ਰੋਫੈਸਰ ਸਿੱਖ ਵਿਸ਼ਵਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਾਰਜਕਾਰੀ ਉਪ ਕੁਲਪਤੀ ਐਸ ਐਸ ਖਹਿਰਾ, ਡਾ. ਚਮਕੌਰ ਸਿੰਘ, ਡਾ. ਸਤਿੰਦਰ ਸਿੰਘ ਤੇ ਪੀ ਏ ਸ੍ਰੀ ਭਗਵੰਤ ਸਿੰਘ ਧੰਗੇੜਾ ਵੀ ਹਾਜ਼ਰ ਸਨ।

