ਪਖਾਨੇ ਤੇ ਪਾਣੀ ਦੀ ਮੰਗ ਨੂੰ ਲੈ ਕੇ ਕਲੱਬ ਨੇ ਕੀਤਾ ਨਗਰ ਨਿਗਮ ਖਿਲਾਫ ਰੋਸ ਜਾਹਿਰ
ਪਟਿਆਲਾ 21 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਰਾਜਪੁਰਾ ਕਲੋਨੀ ਅਤੇ ਗੁਰਬਖਬ ਕਲੋਨੀ ਵਿਖੇ ਝੁੱਗੀ-ਝੋਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰ ਕਈ ਸਾਲਾਂ ਤੋਂ ਇੱਥੇ ਪਾਣੀ ਅਤੇ ਪਖਾਨਿਆਂ ਦੀਆਂ ਸਹੁਲਤਾਂ ਨਾ ਹੋਣ ਕਾਰਨ ਨਿੱਤ ਦਿਨ ਖ਼ਜਲ-ਖੁਵਾਰ ਹੋਣ ਲਈ ਮਜਬੂਰ ਹਨ।
ਪਖਾਨੇ ਅਤੇ ਪਾਣੀ ਦੀ ਸੁਵਿਧਾ ਮੁਹੱਈਆ ਕਰਾਉਣ ਸਬੰਧੀ ਬੀਤੇ ਦਿਨੀ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਕਮਿਸ਼ਨਰ ਨਗਰ ਨਿਗਮ ਤੋਂ ਮੰਗ ਕੀਤੀ ਜਾ ਚੁੱਕੀ ਹੈ। ਪਰ ਅਜੇ ਤੱਕ ਇੱਥੋਂ ਦੇ ਗਰੀਬ ਪਰਿਵਾਰ ਮੁੱਢਲੀਆਂ ਸਹੁਲਤਾਂ ਤੋਂ ਵਾਂਝੇ ਹੀ ਹਨ। ਨਗਰ ਨਿਗਮ ਵੱਲੋਂ ਇਨ੍ਹਾਂ ਗਰੀਬਾਂ ਲਈ ਪਖਾਨੇ ਅਤੇ ਪਾਣੀ ਦਾ ਪ੍ਰਬੰਧ ਕਰਾਉਣ ਲਈ ਕੋਈ ਕਦਮ ਨਹੀਂ ਚੁਕਿਆ ਗਿਆ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਝੁੱਗੀ-ਝੋਪੜੀਆਂ ਦੇ ਗਰੀਬ ਪਰਿਵਾਰਾਂ ਵੱਲੋਂ ਭਾਰੀ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਝੁੱਗੀ ਝੋਪੜੀਆਂ ਦੇ ਪਰਿਵਾਰਾਂ ਨੂੰ ‘ਸਵੱਛ ਭਾਰਤ ਅਭਿਆਨ’ ਤਹਿਤ ਜਲਦ ਪਖਾਨੇ ਅਤੇ ਪਾਣੀ ਦੀ ਸੁਵਿਧਾ ਦੀ ਮੰਗ ਕਰਦਿਆਂ ਕਿਹਾ ਕਿ ਰਾਜਪੁਰਾ ਕਲੋਨੀ ਅਤੇ ਗੁਰਬਖਸ਼ ਕਲੋਨੀ ਵਿਖੇ ਕੁੱਝ ਗਰੀਬ ਪਰਿਵਾਰ ਝੁੱਗੀ ਝੋਪੜੀਆਂ ਵਿੱਚ ਰਹਿ ਰਹੇ ਹਨ। ਜਿਹੜੇ ਕਿ ਆਰਥਿਕ ਰੂਪ ਵਿੱਚ ਬਹੁਤ ਕਮਜੋਰ ਹਨ। ਜਿਨ੍ਹਾਂ ਨੂੰ ਰੋਜਾਨਾ ਸੋਚ ਲਈ ਖੁੱਲੇ ‘ਚ ਬਾਹਰ ਜਾਣਾ ਪੈਂਦਾ ਹੈ ਅਤੇ ਮਹਿਲਾਵਾ ਨੂੰ ਬੜੀ ਸ਼ਰਮਿੰਦਗੀ ਉਠਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਮਿਸ਼ਨ ਦੇਸ਼ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਹੈ। ਇਹ ਮਿਸ਼ਨ ਤਾ ਹੀ ਸਫਲ ਹੋ ਸਕਦਾ ਹੈ ਜੇਕਰ ਲੋੜਵੰਦ ਗਰੀਬਾਂ ਨੂੰ ਪਖਾਨਿਆਂ ਦੀਆਂ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਇਸ ਦੀ ਸਫ਼ਲਤਾ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮੋਹਰੀ ਆਉਣਾ ਹੀ ਪਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਸਲੱਮ ਬਸਤੀਆਂ ਅਜਿਹੀਆਂ ਹਨ ਜਿੱਥੇ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸ਼ਨ ਦੀ ਤਿੱਖੇ ਸ਼ਬਦਾਂ ਵਿੱਚ ਰੋਸ ਜਾਹਿਰ ਕਰਦਿਆਂ ਕਿਹਾ ਕਿ ਚਾਹੇ ਗਲ ਸੜਕਾਂ ਤੇ ਘੁੰਮਦੇ ਲਾਵਾਰਸ ਪਸ਼ੂਆਂ ਦੀ ਹੋਵੇ ਜਾਂ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਕਾਰਜ ਨੂੰ ਤਸੱਲੀਯੋਗ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਗਰੀਬ ਝੁੱਗੀ ਝੋਪੜੀਆਂ ਦੇ ਪਰਿਵਾਰਾਂ ਨੂੰ ਪਖਾਨੇ ਤੇ ਪਾਣੀ ਦੀ ਸੁਵਿਧਾਵਾਂ ਜੇਕਰ ਜਲਦ ਮੁਹੱਇਆ ਨਾ ਕਰਵਾਇਆ ਗਈਆਂ ਤਾਂ ਜਲਦ ਹੀ ਇਨ੍ਹਾਂ ਪਰਿਵਾਰਾਂ ਅਤੇ ਇਲਾਕੇ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਭੇਜ ਸਵੱਛ ਭਾਰਤ ਅਭਿਆਨ ਤਹਿਤ ਪਖਾਨਿਆਂ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਹਿਮਾਂਸ਼ੂ ਵਡੇਰਾ, ਗੁਰਦੀਪ ਸਿੰਘ, ਮੋਹਿਤ ਕਾਂਸਲ, ਪਰਮਜੀਤ ਸਿੰਘ ਪਰਮਾ, ਬੀਬੀ ਅਭਿਆਨ ਸ਼ਰਮਾ, ਸਰਬਜੀਤ ਚੋਪੜਾ, ਪੁਨੀਤ ਕੁਮਾਰ, ਅਭਿਨਾਸ਼ ਮਨੀ, ਮਨਿੰਦਰ ਸਿੰਘ ਮਨੀ, ਮੁਹੰਮਦ ਸ਼ੇਰ, ਰੁਕਸਾਨਾ, ਨਸੀਬ, ਰਜੀਆ ਖਾਨ, ਸ਼ਮਸ਼ੇਰ, ਬਲੀ ਮੁਹੰਮਦ, ਅਲੀ ਸ਼ੇਰ ਆਦਿ ਹਾਜਰ ਸਨ।

