ਡੇਰਾ ਮੁਖੀ ਮਾਮਲੇ ਦੇ ਫੈਸਲੇ ਤੋਂ ਬਾਅਦ ਪਟਿਆਲਾ ‘ਚ ਕਰਫ਼ਿਊ ਦੇ ਆਦੇਸ਼
ਪਟਿਆਲਾ, 25 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸੀ.ਬੀ.ਆਈ. ਅਦਾਲਤ ਵੱਲੋਂ ਅੱਜ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਟਿਆਲਾ ‘ਚ ਵੀ ਕਰਫਿਊ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਇਸ ਸਬੰਧੀ ਬਕਾਇਦਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਅਤੇ ਪੁਲਿਸ ਨੇ ਗੱਡੀਆਂ ਦੇ ਅੱਗੇ ਸਪੀਕਰ ਲਗਾ ਕੇ ਅਨਾਉੂਂਸਮੈਂਟ ਰਾਹੀਂ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਘਰੋਂ ਬਾਹਰ ਨਹੀਂ ਨਿਕਲ ਸਕਦਾ ਅਤੇ ਜੇਕਰ ਬਿਨਾਂ ਕਾਰਨ ਕਿਸੇ ਨੂੰ ਵੀ ਬਾਜ਼ਾਰਾਂ ‘ਚ ਘੁੰਮਦਾ ਦੇਖਿਆ ਗਿਆ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦਕਿ ਇੰਨਾ ਹੀ ਨਹੀਂ ਅਗਰ ਜੇ ਕੋਈ ਵਿਅਕਤੀ ਦੰਗਾ ਫਸਾਦ ਕਰੇਗਾ ਤਾਂ ਉਸ ਨੂੰ ਪੁਲਿਸ ਵੱਲੋਂ ਸਿੱਧੇ ਤੌਰ ‘ਤੇ ਗ੍ਰਿਫਤਾਰ ਕਰਨ ਜਾਂ ਗੋਲੀ ਮਾਰੇ ਜਾਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਕਰਫਿਊ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਲੋਕ ਆਪੋ ਆਪਣੇ ਘਰਾਂ ਅੰਦਰ ਵੜ ਗਏ ਅਤੇ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਚਲੇ ਗਏ। ਉਧਰ ਜ਼ਿਲ੍ਹੇ ਭਰ ‘ਚ ਮਾਹੌਲ ਵੀ ਤਣਾਅਪੂਰਵਕ ਹੋ ਗਿਆ ਹੈ। ਇਸ ਦੇ ਬਾਵਜੂਦ ਕਿਸੇ ਪਾਸੇ ਤੋਂ ਵੀ ਕੋਈ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਦਾ ਫੈਸਲਾ ਜਿਸ ਸਮੇਂ ਆਉਣਾ ਬਾਕੀ ਸੀ ਤਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸਨ ਅਤੇ ਉਹ ਫੈਸਲੇ ਦੀ ਉਡੀਕ ਕਰ ਰਹੇ ਸਨ, ਜਿਉਂ ਹੀ ਫੈਸਲਾ ਆਇਆ ਅਤੇ ਮਾਹੌਲ ਦੀ ਸਥਿਤੀ ਨੂੰ ਦੇਖਦਿਆਂ ਕੁੱਝ ਲੋਕਾਂ ਨੇ ਖੁਦ ਆਪਣੀਆਂ ਦੁਕਾਨਾਂ ਬੰਦ ਕਰਨ ਵਿਚ ਹੀ ਭਲਾਈ ਸਮਝੀ, ਜਦਕਿ ਕੁੱਝ ਦੁਕਾਨਾਂ ਨੂੰ ਪੁਲਿਸ ਨੇ ਖ਼ੁਦ ਬੰਦ ਕਰਵਾ ਦਿੱਤਾ। ਉਧਰ ਪਟਿਆਲਾ ਦੇ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਦਾ ਮਾਹੌਲ ਬਿਲਕੁਲ ਸੁੰਨਸਾਨ ਸੀ, ਕੋਈ ਵੀ ਵਿਅਕਤੀ ਕਿਸੇ ਪਾਸੇ ਤੋਂ ਨਾ ਆ ਰਿਹਾ ਸੀ ਅਤੇ ਨਾ ਹੀ ਜਾ ਰਿਹਾ ਸੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਪੀ.ਆਰ.ਟੀ.ਸੀ. ਨੇ ਆਪਣੀਆਂ ਬੱਸਾਂ ‘ਤੇ ਰੋਕ ਲਗਾ ਦਿੱਤੀ ਸੀ, ਜਦਕਿ ਪਟਿਆਲਾ ਰਾਹੀਂ ਆਉਣ ਜਾਣ ਵਾਲੀਆਂ ਟਰੇਨਾਂ ਰੱਦ ਕਰ ਦਿੱਤੀਆਂ ਸਨ।
ਸਵੇਰ ਤੋਂ ਹੀ ਲੋਕ ਆਪੋ ਆਪਣੇ ਘਰਾਂ ਵਿਚ ਟੀ.ਵੀ. ਅੱਗੇ ਬੈਠੇ ਰਹੇ ਅਤੇ ਜਿਉਂ ਹੀ ਫੈਸਲਾ ਆਇਆ ਤਾਂ ਸਭ ਨੇ ਆਪੋ ਆਪਣੀਆ ਸੁਰੱਖਿਆ ਯਕੀਨੀ ਸਮਝੀ। ਅੱਜ ਡੇਰਾ ਮੁਖੀ ਖਿਲਾਫ ਫੈਸਲਾ ਸੁਣਾਏ ਜਾਣ ਕਾਰਨ ਸ਼ਹਿਰ ਪਟਿਆਲਾ ਦੇ ਸਮੂਹ ਕਾਲਜ, ਸਕੂਲ ਬੰਦ ਰਹੇ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਹੀ ਪ੍ਰਾਈਵੇਟ ਇੰਸਟੀਚਿਊਟ ਜਿਨ੍ਹਾਂ ਵਿਚ ਆਈਲਟਸ ਅਤੇ ਹੋਰ ਪੜ੍ਹਾਈ ਕਰਾਉਣ ਵਾਲੇ ਪ੍ਰਾਈਵੇਟ ਸੈਂਟਰ ਵੀ ਮੁਕੰਮਲ ਤੌਰ ‘ਤੇ ਬੰਦ ਰਹੇ। ਅੱਜ ਡੇਰਾ ਮੁਖੀ ਖਿਲਾਫ ਫੈਸਲਾ ਸੁਣਾਏ ਜਾਣ ਸਬੰਧੀ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਪੂਰਨ ਰੂਪ ਵਿਚ ਸੰਨਾਟਾ ਛਾਇਆ ਰਿਹਾ ਅਤੇ ਬਾਜ਼ਾਰਾਂ ਵਿਚ ਗ੍ਰਾਹਕਾਂ ਦੀ ਰੌਣਕ ਗਾਇਬ ਰਹੀ ਅਤੇ ਬਾਜ਼ਾਰਾਂ ਵਿਚ ਕਈ ਦੁਕਾਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰਹੀਆਂ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਕੇਸ ਦਾ ਫੈਸਲਾ ਆਉਣ ਤੋਂ ਬਾਅਦ ਭਾਰੀ ਗਿਣਤੀ ਵਿਚ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਚਲੇ ਗਏ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਸ਼ਾਇਦ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਤੋਂ ਇਲਾਵਾ ਮਾਰਕੀਟਾਂ ਵਿਚ ਵੀ ਪੂਰਨ ਰੂਪ ਵਿਚ ਸੰਨਾਟਾ ਛਾ ਗਿਆ ਅਤੇ ਸੜਕਾਂ ਉਪਰ ਵਾਹਨਾਂ ਦੀ ਆਵਾਜਾਈ ਬਹੁਤ ਘੱਟ ਦੇਖੀ ਗਈ। ਇਥੇ ਜ਼ਿਕਰਯੋਗ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਦਾ ਬੱਸ ਸਟੈਂਡ ਜਿਸ ਦੇ ਸਾਰੇ ਗੇਟ ਸਿਕਉਰਿਟੀ ਵੱਲੋਂ ਤਾਲੇ ਲਗਾ ਕੇ ਬੰਦ ਕਰ ਦਿੱਤੇ ਗਏ ਸਨ ਅਤੇ ਬੱਸਾਂ ਦੀ ਆਵਾਜਾਈ ਮੁਕੰਮਲ ਤੌਰ ‘ਤੇ ਬੰਦ ਰਹੀ। ਭਾਵੇਂ ਉਹ ਪੀ.ਆਰ.ਟੀ.ਸੀ. ਦੀਆਂ ਬੱਸਾਂ ਹੋਣ ਜਾਂ ਫਿਰ ਪ੍ਰਾਈਵੇਟ ਬੱਸਾਂ ਹੋਣ। ਪੀ.ਆਰ.ਟੀ.ਸੀ ਅਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਅੰਦਰ ਖੜੀਆਂ ਦੇਖੀਆਂ ਗਈਆਂ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਪੂਰਨ ਰੂਪ ਵਿਚ ਸੰਨਾਟਾ ਛਾਇਆ ਰਿਹਾ। ਅੱਜ ਰੇਲਵੇ ਸਟੇਸ਼ਨ ਉਪਰ ਵੀ ਪੂਰਨ ਰੂਪ ਵਿਚ ਸੰਨਾਟਾ ਛਾਇਆ ਰਿਹਾ। ਕੋਈ ਵੀ ਯਾਤਰੀ ਸਟੇਸ਼ਨ ਉਪਰ ਨਹੀਂ ਦੇਖਿਆ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੁਕੰਮਲ ਤੌਰ ‘ਤੇ ਅੱਜ ਬੱਸਾਂ ਦੇ ਰੂਟ ਬੰਦ ਰਹਿਣ ਕਾਰਨ ਬੱਸ ਸਟੈਂਡ ਦੇ ਆਸ-ਪਾਸ ਬਣੇ ਥ੍ਰੀ ਵੀਲ੍ਹਰਾਂ ਦੇ ਸਟੈਂਡਾਂ ਉਪਰ ਵੀ ਕੋਈ ਵੀ ਥ੍ਰੀਵੀਲ੍ਹਰ ਨਹੀਂ ਦੇਖਿਆ ਗਿਆ। ਸਿਰਫ ਇੱਕ ਅੱਧਾ ਥ੍ਰੀਵੀਲ੍ਹਰ ਹੀ ਸੜਕ ਕਿਨਾਰੇ ਖੜ੍ਹਾ ਦੇਖਿਆ ਗਿਆ। ਇਸ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਅੱਜ ਸ਼ਹਿਰ ਦੇ ਲੋਕਾਂ ਵਿਚ ਕਿਸ ਪੱਧਰ ਤੱਕ ਦਾ ਡਰ ਛੁਪਿਆ ਹੋਇਆ ਸੀ। ਅੱਜ ਸ਼ਹਿਰ ਵਾਸੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ, ਕਿਉਂਕਿ ਡੇਰਾ ਮੁਖੀ ਖਿਲਾਫ ਅੱਜ ਫੈਸਲਾ ਆਉਣ ਕਾਰਨ ਸ਼ਹਿਰ ਦੇ ਲੋਕ ਕਾਫੀ ਸਹਿਮੇ ਹੋਏ ਸਨ ਅਤੇ ਸ਼ਹਿਰ ਵਾਸੀ ਆਪਣੇ ਘਰਾਂ ਦੇ ਅੰਦਰ ਟੀ.ਵੀ. ਲਗਾ ਕੇ ਬੈਠੇ ਰਹੇ ਅਤੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਕੇਸ ਦੀ ਸੁਣਵਾਈ ਦਾ ਫੈਸਲਾ ਆਉਣ ਲਈ ਇੰਤਜ਼ਾਰ ਕਰਦੇ ਰਹੇ। ਜਦੋਂ ਕੇਸ ਦਾ ਫੈਸਲਾ ਆਇਆ ਤਾਂ ਸ਼ਹਿਰ ਦੇ ਲੋਕਾਂ ਵਿਚ ਸਹਿਮ ਹੋਰ ਵੱਧ ਗਿਆ।

