ਪੰਜਾਬਪਟਿਆਲਾ

ਜਨਤਕ ਜਾਇਦਾਦ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਕੇਸ ਦਰਜ ਹੋਣਗੇ ਅਤੇ ਉਹਨਾਂ ਦੀ ਜਾਇਦਾਦ ਕੁਰਕ ਹੋਵੇਗੀ-ਆਈ.ਜੀ.

ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
*ਕਰਫਿਊ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਜਾਰੀ ਰਹੇਗੀ
*ਪਟਿਆਲਾ ਰੇਂਜ ਦੇ ਅਧੀਨ ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿਚ ਇੱਕ-ਇੱਕ ਘਟਨਾ ਦੀ ਸੂਚਨਾ
ਪਟਿਆਲਾ, 25 ਅਗਸਤ (ਮਧੂਸਾਰ ਬਿਊਰੋ) ਸੀ.ਬੀ.ਆਈ. ਦੀ ਅਦਾਲਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ੀ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਪੈਦਾ ਹੋਏ ਹਲਾਤਾਂ ‘ਤੇ ਕਾਬੂ ਪਾਉਣ ਲਈ ਪਟਿਆਲਾ ਜ਼ਿਲ੍ਹੇ ਵਿੱਚ ਅਹਿਤਤਿਆਤ ਦੇ ਤੌਰ ‘ਤੇ ਲਗਾਏ ਕਰਫਿਊ ਤੋਂ ਬਾਅਦ ਆਈ.ਜੀ. ਪਟਿਆਲਾ ਜੋਨ ਸ੍ਰੀ ਏ.ਐਸ.ਰਾਏ ਨੇ ਕੀਤੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਦੇ ਖਿਲਾਫ ਪੰਜਾਬ ਡਿਸਟਰਕਸ਼ਨ ਆਫ ਪਬਲਿਕ ਪ੍ਰਾਪਰਟੀ ਐਕਟ ਦੇ ਤਹਿਤ ਕੇਸ ਦਰਜ਼ ਕੀਤੇ ਜਾਣਗੇ। ਆਈ.ਜੀ. ਸ੍ਰੀ ਏ.ਐਸ.ਰਾਏ ਨੇ ਦੱਸਿਆ ਕਿ ਇਸ ਐਕਟ ਦੇ ਤਹਿਤ ਜਿਹੜਾ ਵੀ ਵਿਅਕਤੀ ਜਨਤਕ ਜਾਇਦਾਦ ਦਾ ਨੁਕਸਾਨ ਕਰਦਾ ਹੈ, ਉਸਦੀ ਪ੍ਰਾਪਰਟੀ ਨੂੰ ਕੁਰਕ ਕਰਕੇ ਉਸ ਦੀ ਭਰਪਾਈ ਕੀਤੀ ਜਾਂਦੀ ਹੈ ।

ਸ਼੍ਰੀ ਰਾਏ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਰੇਂਜ ਦੇ ਅਧੀਨ ਪੈਂਦਿਆਂ ਜ਼ਿਲਿਆਂ ਵਿਚ ਬਰਨਾਲਾ, ਸੰਗਰੂਰ ਅਤੇ ਪਟਿਆਲਾ ਜ਼ਿਲਿਆਂ ਵਿਚ ਇੱਕ-ਇੱਕ ਘਟਨਾ ਹੋਈ ਹੈ। ਬਰਨਾਲਾ ਜਿਲੇ ਦੇ ਹੰਢਿਆਇਆ ਵਿਚ ਸੇਵਾ ਕੇਂਦਰ ਨੂੰ ਪੱਥਰਮਾਰ ਕੇ ਨੁਕਸਾਨ ਪਹੁੰਚਾਣ ਦੀ ਕੋਸ਼ਿਸ ਕੀਤੀ ਗਈ, ਜਿਥੇ ਦੋ ਮੋਟਰਸਾਇਕਲ ਸਵਾਰ ਅਤੇ ਪੱਥਰਬਾਜੀ ਕੀਤੀ। ਪੱਥਰਬਾਜਾਂ ਦੇ ਮੋਟਰਸਾਇਕਲ ਦਾ ਨੰਬਰ ਨੋਟ ਕਰ ਲਿਆ ਗਿਆ ਹੈ ਅਤੇ ਸ਼ਾਮ ਤੱਕ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਸੰਗਰੂਰ ਜਿਲੇ ਦੇ ਲਹਿਰਾ ਕਸਬੇ ਵਿਚ ਤਹਿਸੀਲਦਾਰ ਦੇ ਦਫਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ ਕੀਤੀ ਗਈ, ਜਿਥੇ ਸਿਰਫ ਇੱਕ ਟੇਬਲ ਨੂੰ ਨੁਕਸਾਨ ਪਹੁੰਚਿਆ ਹੈ। ਤੀਜੀ ਘਟਨਾ ਪਟਿਆਲਾ ਜਿਲੇ ਵਿਚ ਪੈਂਦੇ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਗ ਲਗਾਉਣ ਦੀ ਕੋਸ਼ਿਸ ਕੀਤੀ ਗਈ। ਆਈ.ਜੀ. ਨੇ ਕਿਹਾ ਕਿ ਤਿੰਨਾਂ ਘਟਨਾਵਾਂ ਵਿਚ ਜਨਤਾ ਨੇ ਖੁਦ ਅੱਗੇ ਆ ਕੇ ਹੁਲੜਬਾਜ਼ਾਂ ਨੂੰ ਰੋਕਿਆ। ਆਈ.ਜੀ. ਨੇ ਕਿਹਾ ਕਿ ਤਿੰਨੇ ਘਟਨਾਵਾਂ ਬਾਰੇ ਕੇਸ ਦਰਜ਼ ਕੀਤੇ ਗਏ ਹਨ।
ਆਈ.ਜੀ. ਸ੍ਰੀ ਏ.ਐਸ.ਰਾਏ ਨੇ ਦੱਸਿਆ ਕਿ ਪਟਿਆਲਾ ਵਿਚ ਕਰਫਿਊ ਅਹਿਤਤਿਆਤ ਇਤਿਹਾਤ ਦੇ ਤੌਰ ‘ਤੇ ਲਗਾਇਆ ਗਿਆ ਹੈ, ਜਿਸ ਦਾ ਸਵੇਰੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਰਿਵਿਯੂ ਕੀਤਾ ਜਾਵੇਗਾ ਕਿ ਅੱਗੇ ਕਿੰਨੀ ਦੇਰ ਤੱਕ ਕਰਫਿਊੁ ਜਾਰੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਪੰਚਕੂਲਾ ਗਏ ਡੇਰੇ ਸਮਰਥਕਾਂ ਨੇ ਪਟਿਆਲਾ ਤੋਂ ਗੁਜਰ ਕੇ ਵਾਪਸ ਮਾਲਵਾ ਦੇ ਖੇਤਰ ਵਿਚ ਜਾਣਾ ਸੀ ਅਤੇ ਅੱਗੇ ਰਾਤ ਆ ਰਹੀ ਹੈ ਤਾਂ ਅਜਿਹੇ ਵਿਚ ਰਾਤ ਦੇ ਸਮੇਂ ਇਸ ਇਲਾਕੇ ਵਿਚ ਦੂਜੇ ਇਲਾਕਿਆਂ ਦੇ ਵਿਅਕਤੀ ਘੁੰਮਣ ਦਿੱਤੇ ਜਾਣ, ਇਹ ਕਿਸੇ ਵੀ ਕੀਮਤ ‘ਤੇ ਨਹੀਂ ਹੋ ਸਕਦਾ। ਜਿਥੇ ਤੱਕ ਨੈਸ਼ਨਲ ਹਾਈਵੇ ਦਾ ਸਬੰਧ ਹੈ, ਉਥੇ ਟਰੈਫਿਕ ਚੱਲ ਰਹੀ ਹੈ। ਸਾਡੇ ਵੱਲੋਂ ਨੈਸ਼ਨਲ ਹਾਈਵੇ ਦੇ ਨਾਲ ਰੂਟ ਲਾਈਨਿੰਗ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡੀ ਮਨਸ਼ਾ ਕਿਸੇ ਨੂੰ ਪ੍ਰੇਸ਼ਾਨ ਕਰਨ ਦੀ ਨਹੀਂ ਹੈ ,ਹਾਂ ਜੇਕਰ ਕੋਈ ਸ਼ਾਂਤੀ ਭੰਗ ਕਰਨ ਕੋਸ਼ਿਸ ਕਰੇਗਾ ਜਾਂ ਫੇਰ ਕਾਨੂੰਨ ਨੂੰ ਆਪਣੇ ਹੱਥ ਵਿਚ ਲਵੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਆਈ.ਜੀ. ਨੇ ਕਿਹਾ ਕਿ ਲੋਕ ਨਿਸਚਿੰਤ ਰਹਿਣ, ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਰਫਿਊ ਸਿਰਫ ਹਾਲਾਤਾਂ ਨੂੰ ਦੇਖ ਕੇ ਲਗਾਇਆ ਗਿਆ ਹੈ, ਜੋ ਕਿ ਆਰਜ਼ੀ ਹੈ ਅਤੇ ਜਿਆਦਾ ਦੇਰ ਤੱਕ ਚੱਲਣ ਵਾਲਾ ਨਹੀਂ ਹੈ। ਉਹਨਾਂ ਦੱਸਿਆ ਕਿ 28 ਅਗਸਤ ਤੱਕ ਇਥੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈ ਚੁੱਕੇ ਹਨ।
ਆਈ.ਜੀ. ਪਟਿਆਲਾ ਜੋਨ ਨੇ ਸਾਫ ਕੀਤਾ ਕਿ ਜਿਹੜੇ ਇਲਾਕਿਆਂ ਵਿਚ ਕਰਫਿਊ ਹੈ, ਉਥੇ ਜ਼ਰੁਰੀ ਵਸਤੂਆਂ ਦੀ ਸਪਲਾਈ ਜਾਰੀ ਰਹੇਗੀ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਾਂਤੀ ਬਣਾਏ ਰੱਖਣ ਅਤੇ ਪੁਲਸ ਨੂੰ ਸਹਿਯੋਗ ਕਰਨ।

Leave a Reply

Your email address will not be published. Required fields are marked *