ਪੰਜਾਬਪਟਿਆਲਾ

ਪਟਿਆਲਾ ਜ਼ਿਲ੍ਹੇ ‘ਚੋਂ ਅਗਲੇ ਹੁਕਮਾਂ ਤੱਕ ਕਰਫਿਊ ਹਟਾਇਆ, ਦਫਾ 144 ਲਾਗੂ ਰਹੇਗੀ

28 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ
ਪਟਿਆਲਾ, 26 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ ਵਿਚੋਂ ਕਰਫਿਊ ਨੂੰ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਗਿਆ ਹੈ। ਪਰ ਜ਼ਿਲ੍ਹੇ ਵਿੱਚ ਦਫਾ 144 ਪਹਿਲਾਂ ਵਾਂਗ ਹੀ ਲਾਗੂ ਰਹੇਗੀ ।

ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਜ਼ਿਲ੍ਹੇ ਵਿੱਚੋਂ ਕਰਫਿਊ ਹਟਾ ਦਿੱਤਾ ਗਿਆ ਹੈ। ਪਰ ਜ਼ਿਲ੍ਹੇ ਵਿੱਚ ਦਫਾ 144 ਪਹਿਲਾਂ ਵਾਂਗ ਹੀ ਲਾਗੂ ਰਹੇਗੀ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਕਿਸੇ ਵੀ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਹਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪੂਰਨ ਤੌਰ ‘ਤੇ ਮਨਾਹੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਆਈ.ਜੀ. ਸ੍ਰੀ ਏ.ਐਸ. ਰਾਏ ਅਤੇ ਐਸ.ਐਸ.ਪੀ. ਡਾ. ਐਸ. ਭੂਪਤੀ ਵੱਲੋਂ ਦੂਜੇ ਦਿਨ ਵੀ ਹਾਈ ਅਲਰਟ ਕੀਤਾ ਹੋਇਆ ਸੀ। ਸ਼ਾਹੀ ਸ਼ਹਿਰ ਦੇ ਅੰਦਰ ਅਤੇ ਬਾਹਰਲੇ ਖੇਤਰਾਂ ਵਿਚ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਸੀ। ਰੇਲਵੇ ਸਟੇਸ਼ਨ ਉਪਰ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਸਨ। ਸ਼ਹਿਰ ਦੇ ਆਉਣ ਜਾਣ ਵਾਲੇ ਸਾਰੇ ਰਸਤਿਆਂ ਉਪਰ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਨਾਕੇ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਹਰ ਆਉਣ ਜਾਣ ਵਾਲੇ ਵਿਅਕਤੀ ‘ਤੇ ਨਜ਼ਰ ਟਿਕਾ ਰਹੀ ਹੈ, ਤਾਂ ਜੋ ਡੇਰਾ ਮੁਖੀ ਖਿਲਾਫ਼ ਫੈਸਲਾ ਆਉਣ ਤੋਂ ਬਾਅਦ ਸ਼ਹਿਰ ਅੰਦਰ ਮਾਹੌਲ ਸ਼ਾਂਤ ਰਹਿ ਸਕੇ, ਲੇਕਿਨ ਇਸ ਤੋਂ ਬਾਅਦ ਵੀ ਲੋਕਾਂ ਵਿਚ ਕਾਫੀ ਡਰ ਸਹਿਮ ਬਣਿਆ ਹੋਇਆ ਹੈ, ਕਿਉਂਕਿ ਸ਼ਹਿਰ ਦੇ ਦੂਜੇ ਰਾਜਾਂ ‘ਚੋਂ ਕਈ ਅਣਸੁਖਾਵੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਸਨ।
ਇਸ ਤੋਂ ਇਲਾਵਾ ਕਈ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਵੀ ਬਾਰਡਰ ਉਪਰ ਅਤੇ ਹੋਰ ਅਹਿਮ ਸਥਾਨਾਂ ‘ਤੇ ਤੈਨਾਤ ਕੀਤੀਆਂ ਸਨ। ਕੇਸ ਦੀ ਸੁਣਵਾਈ ਨੂੰ ਮੁੱਖ ਰੱਖਦਿਆਂ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਪੂਰੇ ਪੰਜਾਬ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਪੁਲਿਸ ਫੋਰਸ ਵਿਚ ਜ਼ਿਆਦਾਤਰ ਪੰਜਾਬ ਪੁਲਿਸ ਦੇ ਜਵਾਨ ਤੈਨਾਤ ਦੇਖੇ ਗਏ। ਇਸ ਦੇ ਨਾਲ-ਨਾਲ ਹੀ ਮਹਿਲਾ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਪੂਰੇ ਜ਼ਿਲ੍ਹੇ ਅੰਦਰ ਤੈਨਾਤ ਕੀਤਾ ਗਿਆ ਹੈ। ਸ਼ਾਹੀ ਸ਼ਹਿਰ ਦੇ ਅੰਦਰ ਸਪੈਸ਼ਲ ਨਾਕੇ ਮੁੱਖ ਚੌਕਾਂ ਵਿਚ ਲਗਾਏ ਗਏ ਹਨ। ਖਾਸਕਰ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਆਲੇ-ਦੁਆਲੇ ਪੈਂਦੇ ਸਾਰੇ ਚੌਕਾਂ ਵਿਚ ਭਾਰੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਸਨ। ਇਸ ਤੋਂ ਇਲਾਵਾ ਬੱਸ ਸਟੈਂਡ ਲਾਈਟਾਂ, ਫੁਹਾਰਾ ਚੌਕ, ਬੱਸ ਸਟੈਂਡ ਚੌਕ, ਅਨਾਰਦਾਨਾ ਚੌਕ, ਲੀਲਾ ਭਵਨ ਚੌਕ, ਹਸਪਤਾਲ ਚੌਕ, ਵਾਈ.ਪੀ.ਐਸ. ਚੌਕ ਅਤੇ ਹੋਰ ਚੌਕਾਂ ਵਿਚ ਵੀ ਸਪੈਸ਼ਲ ਨਾਕੇ ਲਗਾਏ ਗਏ ਸਨ। ਇਸ ਤੋਂ ਇਲਾਵਾ ਸਰਹੰਦ ਰੋਡ ਬਾਈਪਾਸ ‘ਤੇ ਵੀ ਸਪੈਸ਼ਲ ਨਾਕਾ ਲਗਾ ਕੇ ਉਥੇ ਵੀ ਪੁਲਿਸ ਮੁਲਾਜ਼ਮ ਸਨ। ਇਸ ਤੋਂ ਇਲਾਵਾ ਫੈਕਟਰੀ ਏਰੀਆ ਬੰਨਾ ਮੋੜ ‘ਤੇ ਵੀ ਪੁਲਿਸ ਮੁਲਾਜ਼ਮ ਤਾਇਨਾਤ ਸਨ।
ਪਟਿਆਲਾ : ਜ਼ਿਲ੍ਹਾ ਮੈਜਿਸਟਰੇਟ ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 28 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ, ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ, ਏਡਿਡ, ਐਫੀਲੀਏਟਿਡ ਸਕੂਲਾਂ, ਆਈ.ਈ.ਆਈਜ਼, ਆਂਗਨਵਾੜੀ ਕੇਂਦਰਾਂ ਅਤੇ ਸਾਰੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *