ਪਟਿਆਲਾ

ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹੈ ਡਾ. ਹਰਸ਼ ਚੈਰੀਟੇਬਲ ਟਰੱਸਟ

ਸਾਰੀਆਂ ਬੱਚੀਆਂ ਪੜ੍ਹਨਗੀਆਂ ਪ੍ਰਾਈਵੇਟ ਸਕੂਲਾਂ ‘ਚ
ਪਟਿਆਲਾ 3 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ 10 ਸਾਲਾਂ ਤੋਂ ਲਗਾਤਾਰ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਹੈ। ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ 65 ਗਰੀਬ ਬੇਸਹਾਰਾ ਬੱਚੀਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ।

ਇਹ ਟਰੱਸਟ 2008 ਤੋਂ ਗਰੀਬ ਬੱਚੀਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿਚ ਹੁਣ ਤੱਕ 362 ਬੱਚੀਆਂ ਮਦਦ ਲੈ ਚੁੱਕੀਆਂ ਹਨ। ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੱਚੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ। ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ ਤੇ ਆਪੋ ਆਪਣੇ ਘਰਾਂ ਵਿਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੀਆਂ ਹਨ।
ਡਾ. ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੱਚੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ।
ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਅੱਜ 2 ਲੱਖ ਰੁਪੈ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੱਚੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ, ਗੁਰਦਾਸਪੁਰ, ਤਰਨਤਾਰਨ, ਨਵਾਂ ਸ਼ਹਿਰ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੱਚੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ।
ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕਜੋਤ ਸਿੰਘ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ ਆਦਿ ਹਾਜ਼ਰ ਸਨ। ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ।
ਗੁਰਦਾਸਪੁਰ ਤੋਂ ਪਹੁੰਚੀ ਕਿਰਨਜੋਤ ਕੌਰ ਬੱਚੀ ਜੋ ਇਸ ਟਰੱਸਟ ਰਾਹੀਂ ਮਦਦ ਲੈ ਕੇ ਸੱਤਵੀਂ ਜਮਾਤ ਵਿਚ ਪੜ੍ਹ ਰਹੀ ਹੈ, ਨੇ ਖਾਸ ਤੌਰ ਉੱਤੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਪੜ੍ਹ ਨਾ ਸਕਦੀ। ਉਹ ਡਾ. ਹਰਸ਼ਿੰਦਰ ਕੌਰ ਲਈ ਆਪਣੇ ਹੱਥੀਂ ਬਣਾ ਕੇ ਮੋਮਬੱਤੀ ਵੀ ਲੈ ਕੇ ਆਈ। ਉਸ ਕਿਹਾ ਕਿ ਵੱਡੀ ਹੋ ਕੇ ਉਹ ਵੀ ਅੱਗੋਂ ਗ਼ਰੀਬ ਬੱਚੀਆਂ ਦੀ ਮਦਦ ਕਰਨਾ ਚਾਹੁੰਦੀ ਹੈ।
ਛੇਵੀਂ ਜਮਾਤ ਵਿਚ ਪੜ੍ਹਦੀ ਪਟਿਆਲੇ ਦੀ ਚਹਿਕ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਨੂੰ ਲੱਗਿਆ ਕਿ ਉਸਦੀ ਪੜ੍ਹਾਈ ਹਮੇਸ਼ਾ ਲਈ ਬੰਦ ਹੋ ਜਾਏਗੀ। ਪਰ, ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਉਸ ਦੀ ਪੜ੍ਹਾਈ ਵਾਪਸ ਸ਼ੁਰੂ ਹੋ ਸਕੀ ਹੈ।
ਪਰਨੀਤ ਕੌਰ ਬੇਟੀ ਸ੍ਰ. ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬੀਮਾਰੀ ਕਰ ਕੇ ਛੁਟ ਗਈ ਸੀ। ਹੁਣ ਅੱਠਵੀਂ ਵਿਚ ਪੜ੍ਹ ਰਹੀ ਬੱਚੀ ਨੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ। ਪਰ ਹੁਣ ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਉਹ ਵਾਪਸ ਸਕੂਲ ਜਾ ਸਕ ਰਹੀ ਹੈ।
ਸ੍ਰ. ਉਜਾਗਰ ਸਿੰਘ ਰਿਟਾ: ਲੋਕ ਸੰਪਰਕ ਅਫਸਰ ਅਤੇ ਸ੍ਰ. ਨਿਰਪਾਲ ਸਿੰਘ ਸ਼ੇਰਗਿਲ ਅੰਤਰਰਾਸ਼ਟਰੀ ਪ੍ਰਸਿੱਧੀ ਲੇਖਕ ਨੇ ਡਾ. ਗੁਰਪਾਲ ਸਿੰਘ ਤੇ ਡਾ. ਹਰਸ਼ਿੰਦਰ ਕੌਰ ਨਾਲ 65 ਗਰੀਬ ਬੱਚੀਆਂ ਨੂੰ ਚਾਰ-ਚਾਰ ਮਹੀਨੇ ਦੀਆਂ ਫੀਸਾਂ ਦੇ ਚੈੱਕ ਵੰਡੇ।
ਸ੍ਰ. ਉਜਾਗਰ ਸਿੰਘ ਤੇ ਨਿਰਪਾਲ ਸਿੰਘ ਸ਼ੇਰਗਿਲ ਨੇ ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟਰੱਸਟ ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਹੀ ਹੈ। ਇਸ ਵਿਚ ਮਦਦ ਕਰਨ ਲਈ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦੱਸਵੀਂ ਪਾਸ ਕਰ ਚੁੱਕੀਆਂ 8 ਬੱਚੀਆਂ ਨੇ 85 ਫੀਸਦੀ ਤੋਂ ਵੱਧ ਨੰਬਰ ਲਏ ਹਨ।
ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੱਚੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਘਰ ਵਿਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਨ੍ਹਾਂ ਬੱਚੀਆਂ ਦੇ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ 98555-66345 ਉੱਤੇ ਸੰਪਰਕ ਕਰ ਕੇ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਅਸਟ੍ਰੇਲੀਆ, ਕਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨ.ਆਰ.ਆਈ. ਵੀਰਾਂ, ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਇਹ ਕੰਮ ਹੁਣ ਤਕ ਲਗਾਤਾਰ ਜਾਰੀ ਰਹਿ ਸਕਿਆ ਹੈ।

Leave a Reply

Your email address will not be published. Required fields are marked *