ਪੰਜਾਬਪਟਿਆਲਾ

ਪੀ.ਐੱਸ.ਯੂ. ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਕੈਪਟਨ ਦੀ ਕੋਠੀ ਘੇਰਨ ਦਾ ਐਲਾਨ

ਪਟਿਆਲਾ 6 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਅਤੇ ਨਾਟਕ ਕਰਵਾਇਆ ਗਿਆ।

ਸੈਮੀਨਾਰ ਵਿਦਿਆਰਥੀ ਆਗੂ ਗੁਰਸੇਵਕ ਸਿੰਘ, ਰਾਜਵੀਰ ਸਿੰਘ, ਦਲਜੀਤ ਕੌਰ ਅਤੇ ਸਵਰਨਾ ਰਾਣੀ ਦੀ ਪ੍ਰਧਾਨਗੀ ਮੰਡਲ ਅਧੀਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮੁੱਖ ਵਕਤਾ ਡਾ. ਕੁਲਦੀਪ ਪੁਰੀ ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ‘ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਪ੍ਰਭਾਵ: ਉੱਚ ਸਿੱਖਿਆ ਦੇ ਸਦੰਰਭ ਵਿੱਚ’ ਵਿਸ਼ੇ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਦਾ ਮੰਤਵ ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਸਮਾਜ ਨੂੰ ਵਿਗਿਆਨਕ ਦਿਸ਼ਾ ਦੇਣਾ ਹੁੰਦਾ ਹੈ ਪਰ ਨਵੀਆਂ ਆਰਥਿਕ ਨੀਤੀਆਂ ਨੇ ਸਿੱਖਿਆ ਦਾ ਮਨੋਰਥ ਹੀ ਬਦਲ ਕੇ ਰੱਖ ਦਿੱਤਾ ਹੈ। ਸਿੱਖਿਆ ਦੇ ਮਿਆਰ ਪੱਖੋਂ ਅਸੀਂ ਲਗਾਤਾਰ ਪਿਛਾਂਹ ਵੱਲ ਜਾ ਰਹੇ ਹਾਂ। ਪੱਛਮੀ ਮੁਲਕਾਂ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸਿੱਖਿਆ ਦਾ ਪਾੜਾ ਬਹੁਤਾ ਨਹੀਂ ਪਰ ਸਾਡੇ ਮੁਲਕ ਅੰਦਰ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਸਰਕਾਰੀ ਸੰਸਥਾਵਾਂ ਦੇ ਮੁਕਾਬਲੇ ਪੰਜਾਹ ਗੁਣਾਂ ਵਧੇਰੇ ਫੀਸਾਂ ਵਸੂਲਦੇ ਹਨ। ਪ੍ਰਾਈਵੇਟ ਸੰਸਥਾਵਾਂ ਜਿੱਥੇ ਵਿਦਿਆਰਥੀਆਂ ਦੀ ਲੁੱਟ ਕਰਦੀਆਂ ਹਨ ਉੱਥੇ ਅਧਿਆਪਕਾਂ ਨੂੰ ਵੀ ਗੈਰ-ਅਧਿਆਪਕ ਕੰਮ, ਗੈਰ-ਮੁਹਾਰਤ ਵਿਸ਼ਿਆਂ ਦਾ ਅਧਿਆਪਨ ਕਰਨ ਲਈ ਮਜ਼ਬੂਰ ਕਰਕੇ ਸ਼ੋਸ਼ਿਤ ਕੀਤਾ ਜਾ ਰਿਹਾ ਹੈ। ਅੱਜ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਸਿੱਖਿਆ ਨੂੰ ਹਰ ਵਰਗ ਦੀ ਪਹੁੰਚਯੋਗ ਅਤੇ ਮਿਆਰੀ ਬਣਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਸੈਮੀਨਾਰ ਵਿੱਚ ਜਿਲ੍ਹਾਂ ਪ੍ਰਧਾਨ ਅਮਨਦੀਪ ਸਿੰਘ ਯੂਨੀਵਰਸਿਟੀ ਇਕਾਈ ਸਕੱਤਰ ਲਖਵਿੰਦਰ ਸਿੰਘ ਨੇ ਅਜੋਕੇ ਮਾਹੌਲ ਅੰਦਰ ਸਿੱਖਿਆ ਦੇ ਨਾਲ-ਨਾਲ ਬੁੱਧੀਜੀਵੀ ਵਰਗ, ਤਰਕਸ਼ੀਲਾਂ ਅਤੇ ਪੱਤਰਕਾਰਾਂ ਉੱਪਰ ਹੋ ਰਹੇ ਫਿਰਕੂ ਹਮਲਿਆਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਅੱਜ ਭਾਜਪਾ ਸਰਕਾਰ ਸਿੱਖਿਆ ਉੱਪਰ ਭਗਵਾ ਰੰਗ ਚਾੜ੍ਹ ਕੇ ਸਿੱਖਿਆ ਨੂੰ ਗੈਰਵਿਗਿਆਨਕ ਕਰਨ ਲਈ ਅਨੇਕਾਂ ਹੱਥਕੰਡੇ ਅਪਣਾ ਰਹੀ ਹੈ। ਸਾਨੂੰ ਵਿਦਿਆਰਥੀ ਲਹਿਰ ਦੇ ਇਤਿਹਾਸ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਸੰਤੁਲਿਤ ਸਮਾਜ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਨੇ ਸਟੇਜ ਸਕੱਤਰ ਦੀ ਭਮਿਕਾ ਅਦਾ ਕਰਦੇ ਹੋਏ ਵਰਤਮਾਨ ਵਿੱਚ ਉੱਠ ਰਹੀਆਂ ਵਿਦਿਆਰਥੀ ਮੰਗਾਂ ਬਾਰੇ ਦੱਸਦੇ 14 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਪੀਪਲ ਆਰਟ ਪਟਿਆਲਾ ਦੀ ਟੀਮ ਵੱਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਅਤੇ ਸਤਪਾਲ ਬੰਗਾਂ ਦੀ ਅਗਵਾਈ ਹੇਠ ਨਿਰਦੇਸ਼ਿਤ ਕੀਤਾ ਨਾਟਕ ‘ਇੱਕੋ ਰਾਹ ਸਵੱਲੜਾ’ ਦਾ ਮੰਚਨ ਹੋਇਆ। ਇਸ ਦੌਰਾਨ ਹਰਮਨਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਕਵਿਤਾ ਦਾ ਉਚਾਰਨ ਕੀਤਾ ਅਤੇ ਅਵਤਾਰ ਸਿੰਘ ਨੇ ਇਨਕਲਾਬੀ ਗੀਤਾ ਗਾਇਆ। ਪ੍ਰੋਗਰਾਮ ਦੌਰਾਨ ‘ਟੀਚਰਜ਼ ਫਾਰ ਸੁਸਾਇਟੀ’ ਵੱਲੋਂ ‘ਨਿਰਮਾਣ’ ਚੋਵਰਕੀ ਪਰਚਾ ਰਲੀਜ਼ ਕਰਦੇ ਹੋਏ ਨਵੀਦੇਤਾ ਸਿੰਘ ਉੱਪਲ ਨੇ ਇਸਦੇ ਬਾਰੇ ਸੰਖੇਪ ਗੱਲਬਾਤ ਕੀਤੀ। ਅੰਤ ਵਿੱਚ ਵਿਦਿਆਰਥੀ ਆਗੂ ਬਹਾਦਰ ਸਿੰਘ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕਾਂ, ਰਿਸਰਚ ਸ਼ਕਾਲਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬਲਵੰਤ ਸਿੰਘ, ਹਰਮਨ ਸਿੰਘ, ਰਵੀ ਸਹੋਤਾ, ਲਖਵਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਵਿਦਿਆਰਥੀ ਆਗੂ ਮੌਜੂਦ ਸਨ।

Leave a Reply

Your email address will not be published. Required fields are marked *