ਪੰਜਾਬ

ਸ਼੍ਰੋਮਣੀ ਕਮੇਟੀ ਗਿਆਨੀ ਗੁਰਮੁਖ ਸਿੰਘ ‘ਤੇ ਕਾਰਵਾਈ ਕਰੇ: ਭਾਈ ਅਭਿਆਸੀ, ਪ੍ਰੋ: ਸਰਚਾਂਦ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਿਆਨੀ ਗੁਰਮੁਖ ਸਿੰਘ ਵੱਲੋਂ ਨਵੀਂ ਰੀਤ ਪਾਉਣ ਤੋਂ ਰੋਕਣ ਦੀ ਅਪੀਲ
ਅੰਮ੍ਰਿਤਸਰ 13 ਸਤੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਸੀਨੀਅਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸੀਨੀਅਰ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਗਿਆਨੀ ਗੁਰਮੁਖ ਸਿੰਘ ਵੱਲੋਂ ਪਿੰਡ ਡਾਲਾ (ਮੋਗਾ) ਵਿਖੇ ਅੰਮ੍ਰਿਤ ਸੰਚਾਰ ਕਰ ਰਹੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਨੂੰ ਪੰਥ ਵਿੱਚ ਨਵੀਂ ਰੀਤ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਉਕਤ ਮਸਲੇ ਪ੍ਰਤੀ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਅਤੇ ਉਸ ਨੂੰ ਸੇਵਾ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਕੀਤੀ ਜਾਵੇ।
ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਕਤ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਿਆਂ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵਿਧੀ ਵਿਧਾਨ ਅਨੁਸਾਰ ਅੰਮ੍ਰਿਤ ਸੰਚਾਰ ਮੌਕੇ ਪੰਜ ਪਿਆਰਿਆਂ ਸਨਮੁੱਖ ਉਹੀ ਪੇਸ਼ ਹੁੰਦਾ ਹੈ ਜਿਸ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਕੋਲੋਂ ਜਾਣੇ ਅਨਜਾਣੇ ‘ਚ ਰਹਿਤ ਵਿੱਚ ਕੋਈ ਧਾਰਮਿਕ ਅਵੱਗਿਆ ਹੋਈ ਹੋਵੇ ਅਤੇ ਉਸ ਨੇ ਭੁੱਲ ਬਖ਼ਸ਼ਾਉਣੀ ਹੋਵੇ। ਅਗਰ ਕਿਸੇ ‘ਤੋਂ ਕੋਈ ਸਮਾਜਿਕ ਜਾਂ ਪੰਥਕ ਅਵੱਗਿਆ ਹੋਈ ਹੋਵੇ ਉਹ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨ ਕੋਲ ਪੇਸ਼ ਹੋ ਕੇ ਆਪਣੀ ਭੁੱਲ ਦੀ ਖਿਮਾ ਯਾਚਨਾ ਕਰਨ ਦਾ ਵਿਧੀ ਵਿਧਾਨ ਹੈ। ਪੰਜ ਪਿਆਰੇ ਸਾਹਿਬਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਅੰਮ੍ਰਿਤ ਸੰਚਾਰ ਕਰਨ ਤੋਂ ਇਲਾਵਾ ਨਗਰ ਕੀਰਤਨ ਜਾਂ ਖ਼ਾਲਸਾ ਮਾਰਚ ਆਦਿ ‘ਚ ਅਗਵਾਈ ਕਰਨ ਦਾ ਵਿਧਾਨ ਹੈ। ਪਰ ਜਿਵੇਂ ਕਿ ਪੰਥਕ ਵਿਧੀ ਵਿਧਾਨ ਤੋਂ ਚੰਗੀ ਤਰਾਂ ਜਾਣੂ ਅਤੇ ਜਿਨ੍ਹਾਂ ‘ਤੇ ਪੰਥਕ ਵਿਧਾਨ ਦੀ ਪਾਲਣਾ ਕਰਨ ਕਰਾਉਣ ਦੀ ਵੱਡੀ ਜ਼ਿੰਮੇਵਾਰੀ ਰਹੀ ਹੋਵੇ ਉਸ ਗਿਆਨੀ ਗੁਰਮੁਖ ਸਿੰਘ ਨੇ ਅੰਮ੍ਰਿਤ ਸੰਚਾਰ ਕਰ ਰਹੇ ਪੰਜ ਪਿਆਰਾ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਜੋ ਨਵੀਂ ਰੀਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਬਾਰੇ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੂੰ ਮਨ ‘ਚ ਕਿਸੇ ਕਿਸਮ ਦਾ ਕੋਈ ਬੋਝ ਸੀ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣਾ ਚਾਹੀਦਾ ਸੀ, ਸ੍ਰੀ ਅਕਾਲ ਤਖ਼ਤ ਦੇ ਅੰਮ੍ਰਿਤ ਸੰਚਾਰ ਦੀ ਸੇਵਾ ਤੋਂ ਵੱਖ ਕੀਤੇ ਗਏ ਸਿੰਘਾਂ ਕੋਲ ਪੇਸ਼ ਹੋਕੇ ਨਵੀਂ ਰੀਤ ਪਾ ਕੇ ਵਿਵਾਦ ਨੂੰ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ।ਉਹਨਾਂ ਸ੍ਰੀ ਅਕਾਲ ਤਖ਼ਤ ਦੇ ਅੰਮ੍ਰਿਤ ਸੰਚਾਰ ਤੋਂ ਵੱਖ ਕੀਤੇ ਗਏ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਸੇਵਾ ਲਈ ਨਿਰੋਲ ਅੰਮ੍ਰਿਤ ਸੰਚਾਰ ਕਰਨ ਦੀ ਸੇਵਾ ਵਲ ਧਿਆਨ ਦੇਣ ਨਾ ਕਿ ਗੁਰੂ ਪੰਥ ਅੱਗੇ ਨਵੀਂ ਦੁਬਿਧਾ ਪੈਦਾ ਕਰਨ।

Leave a Reply

Your email address will not be published. Required fields are marked *