ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਪਟਿਆਲਾ, 15 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਕਿਸੇ ਵੀ ਵਿਸ਼ੇ ਵਿਚ ਖੋਜ ਉਤਨੀ ਦੇਰ ਮੁਕੰਮਲ ਨਹੀਂ ਹੋ ਸਕਦੀ ਜਿੰਨੀ ਦੇਰ ਅਸੀਂ ਦੂਸਰੇ ਨਾਲ ਸਬੰਧਿਤ ਖੋਜ ਵਿਧੀਆਂ ਨੂੰ ਨਹੀਂ ਸਮਝਦੇ। ਉਨ੍ਹਾਂ ਅੱਗੇ ਕਿਹਾ ਕਿ ਧਰਮ ਤੇ ਵਿਗਿਆਨ ਅੰਤਰ-ਸੰਬੰਧਿਤ ਵਿਸ਼ੇ ਹਨ ਜਿਨ੍ਹਾਂ ਨੂੰ ਸਮਝਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।

ਸੈਮੀਨਾਰ ਦੇ ਪ੍ਰਮੁੱਖ ਵਕਤਾ ਡਾ. ਹਰਦੇਵ ਸਿੰਘ ਵਿਰਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਵਿਗਿਆਨੀ ਜਿਸ ਗੱਲ ਨੂੰ ਵਿਗਿਆਨਕ ਵਿਧੀ ਰਾਹੀਂ ਸਿਧ ਕਰਨ ਦੀ ਗੱਲ ਕਰ ਰਹੇ ਹਨ ਉਹ ਤੱਥ ਤੇ ਸੱਚ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹਨ।
ਇਸ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਿਭਾਗ ਦੇ ਮੁਖੀ ਡਾ. ਮਲਕਿੰਦਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿਵਸ ਨੂੰ ਵਿਭਾਗੀ ਪਰੰਪਰਾ ਅਨੁਸਾਰ ਸੰਗਤੀ ਤੇ ਸੈਮੀਨਾਰ ਰੂਪ ਵਿਚ ਮਨਾਇਆ ਜਾਂਦਾ ਹੈ। ਸੰਗਤੀ ਰੂਪ ਵਿਚ 22 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਈਸ-ਚਾਂਸਲਰ ਬੀ.ਐਸ ਘੁੰਮਣ ਦੀ ਰਹਿਨੁਮਾਈ ਵਿਚ ਮਨਾਇਆ ਗਿਆ ਜਿਸ ਵਿੱਚ ਵਿਭਾਗੀ ਬੱਚਿਆਂ ਨੇ ਕੀਰਤਨ ਕੀਤਾ। ਡਾ. ਦਿਲਵਰ ਸਿੰਘ ਨੇ ਕਥਾ ਰਾਹੀਂ ਪ੍ਰਕਾਸ਼ ਦਿਹਾੜੇ ਬਾਰੇ ਰੋਸ਼ਨੀ ਪਾਈ ਤੇ ਡਾ. ਬ੍ਰਿਜਪਾਲ ਸਿੰਘ ਹੋਰਾਂ ਸ਼ਬਦ ਗੁਰੂ ਦੇ ਸੰਕਲਪ ਨੂੰ ਦ੍ਰਿੜ ਕਰਵਾਇਆ। ਇਸ ਮੌਕੇ ਤੇ ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਮੀਤ ਸਿੰਘ ਸਿੱਧੂ, ਡਾ.ਜਸਪ੍ਰੀਤ ਕੌਰ, ਡਾ. ਪਰਮਵੀਰ ਸਿੰਘ, ਡਾ. ਗੁਰਨਾਇਬ ਸਿੰਘ, ਬਲਜੀਤ ਕੌਰ ਸੇਖੋਂ, ਡਾ. ਰਜਿੰਦਰ ਕੌਰ ਰੋਹੀ, ਡਾ. ਬਲਵਿੰਦਰਜੀਤ ਕੌਰ ਭੱਟੀ ਅਤੇ ਸਮੂਹ ਵਿਭਾਗੀ ਸਟਾਫ ਤੇ ਖੋਜਾਰਥੀ, ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਡਾ. ਸਰਬਜਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਨਵੀਂਆਂ ਖੋਜ ਵਿਧੀਆਂ ਨੂੰ ਅਪਣਾਉਣ ਦੀ ਬਹੁਤ ਲੋੜ ਹੈ।

Leave a Reply

Your email address will not be published. Required fields are marked *