ਗੁਰਦਾਸਪੁਰ ਜਿਮਨੀ ਚੋਣ ਜਿੱਤਣ ਲਈ ਨਹੀਂ ਛੱਡਾਂਗਾ ਕੋਈ ਵੀ ਕਸਰ : ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ 15 ਸਤੰਬਰ (ਸੁਖਬੀਰ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਲਈ ਬਿਗਲ ਵਜਾਉਂਦਿਆਂ ਇਸ ਪ੍ਰਤੀ ਰਣਨੀਤੀ ਬਣਾਉਣ ਲਈ ਗੱਠਜੋੜ ਆਗੂਆਂ ਦੀ 18 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਗਈ ਹੈ।
ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਡੱਟ ਕੇ ਲੜੇਗਾ, ਗੱਠਜੋੜ ਦਾ ਉਮੀਦਵਾਰ ਭਾਜਪਾ ਦਾ ਹੋਵੇਗਾ ਅਤੇ ਅਕਾਲੀ ਦਲ ਉਸ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵੇਗਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕ ਅੱਜ ਸ਼ਿੱਦਤ ਨਾਲ ਯਾਦ ਕਰ ਰਹੇ ਹਨ।ਪ੍ਰੋ: ਸਰਚਾਂਦ ਸਿੰਘ ਅਨੁਸਾਰ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸਰਕਾਰ ਅਖਵਾਉਣ ਦਾ ਕੋਈ ਇਖ਼ਲਾਕੀ ਹੱਕ ਨਹੀਂ ਰਹਿ ਗਿਆ ਹੈ।ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ ਹੈ। ਕੈਪਟਨ ਸਰਕਾਰ ਦੇਸ਼ ਦੇ ਇਤਿਹਾਸ ਦੀ ਉਹ ਪਹਿਲੀ ਸਰਕਾਰ ਬਣੀ ਜਿਸ ਨੇ ਝੂਠੇ ਲਾਰਿਆਂ ਅਤੇ ਗੁਮਰਾਹਕੁਨ ਪ੍ਰਚਾਰ ਰਾਹੀ ਭਾਰੀ ਬਹੁਮਤ ਨਾਲ ਸਰਕਾਰ ਬਣਾ ਲੈਣ ਦੇ ਬਾਵਜੂਦ 6 ਮਹੀਨਿਆਂ ‘ਚ ਹੀ ਫੇਲ੍ਹ ਸਾਬਤ ਹੋ ਗਈ ਹੈ। ਉਹਨਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਅਤੇ ਸਿਵਲ ਸਕੱਤਰੇਤ ‘ਚ ਕਰਫ਼ਿਊ ਵਰਗਾ ਮਾਹੌਲ ਹੈ। ਨਾ ਕੋਈ ਆਉਂਦਾ ਹੈ ਨਾ ਕੋਈ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਸਥਿਤੀ ਅਜਿਹੀ ਹੈ ਜਿਵੇਂ ਕਿਸੇ ਅਣਜਾਣ ਡਰਾਈਵਰ ਹੱਥ ਗੱਡੀ ਆਈ ਹੋਵੇ।
ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਤਾਂ ਦੂਰ ਜੋ ਪਹਿਲਾਂ ਮਿਲ ਦਾ ਸੀ ਉਹ ਵੀ ਖੋਹ ਜ਼ਰੂਰ ਲਈਆਂ ਹਨ।ਕਾਂਗਰਸ ਦੀ ਸਭ ਤੋਂ ਵੱਡਾ ਵਾਅਦਾ ਜੋ ਕਿ ਕਿਸਾਨਾਂ ਦਾ ਕੁਲ ਕਰਜ਼ਾ ਮੁਆਫ਼ ਕਰਨ ਦਾ ਸੀ , ਜਿਸ ਤੋਂ ਪਿੱਛੇ ਹਟ ਦਿਆਂ 90 ਹਜ਼ਾਰ ਕਰੋੜ ਕਿਸਾਨੀ ਕਰਜ਼ਾ ਦੀ ਥਾਂ ਸਿਰਫ਼ 1500 ਕਰੋੜ ਮੁਆਫ਼ ਕਰਨ ਦੀ ਗਲ ਹੋ ਰਹੀ ਹੈ ਉਹ ਵੀ ਕਾਗ਼ਜ਼ਾਂ ਤਕ ਹੀ ਸੀਮਤ ਹੈ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਉਹਨਾਂ ਰਾਜ ‘ਚ ਆਰਥਿਕ ਸੰਕਟ ਵਰਗੀ ਸਥਿਤੀ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿੰਮੇਵਾਰ ਹੈ ਅਜਿਹੇ ਨਾਲਾਇਕ ਵਿਤ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
