ਕਿਸਾਨਾਂ ਦੇ ਧਰਨੇ ਕਾਰਨ ਜਨ ਜੀਵਨ ਪ੍ਰਭਾਵਿਤ ਹੋਣ ਤੋਂ ਚਿੰਤਤ
ਸੰਸਥਾਵਾਂ ਡਿਪਟੀ ਕਮਿਸ਼ਨਰ ਨੂੰ ਮਿਲੀਆਂ
*ਕਿਸਾਨਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਅਪੀਲ
ਪਟਿਆਲਾ, 18 ਸਤੰਬਰ
ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅੱਜ ਕਈ ਵਪਾਰਕ, ਸਮਾਜਿਕ ਜਥੇਬੰਦੀਆਂ, ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਸ਼ਹਿਰੀ ਪਤਵੰਤਿਆਂ ਨੇ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੂੰ ਮਿਲ ਕੇ ਧਰਨੇ ਕਾਰਨ ਪਟਿਆਲਾ ਸ਼ਹਿਰ ‘ਚ ਵਪਾਰ, ਆਮ ਜਨ ਜੀਵਨ ਅਤੇ ਵਿਦਿਆਰਥੀਆਂ ਦੇ ਵਿਦਿਅਕ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪਟਿਆਲਾ ਸ਼ਹਿਰ ਦਾ ਜਨ ਜੀਵਨ ਪ੍ਰਭਾਵਿਤ ਕਰਨ ਦੀ ਬਜਾਏ ਆਪਣੇ ਆਗੂਆਂ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਆਪਣੇ ਮਸਲਿਆਂ ਦਾ ਢੁਕਵਾਂ ਹੱਲ ਕੱਢਣ ਲਈ ਕਹਿਣ।
ਡਿਪਟੀ ਕਮਿਸ਼ਨਰ ਨੂੰ ਮਿਲਣ ਵਾਲੀਆਂ ਇਹਨਾਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਵਫ਼ਦਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ‘ਚ 5 ਦਿਨ ਚੱਲਣ ਵਾਲੇ ਕਿਸਾਨਾਂ ਦੇ ਧਰਨੇ ਕਾਰਨ ਜਨ ਜੀਵਨ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਵੇਗਾ। ਉਹਨਾਂ ਕਿਹਾ ਕਿ ਜਿੱਥੇ ਵਪਾਰੀਆਂ ਦਾ ਭਾਰੀ ਨੁਕਸਾਨ ਹੋਵੇਗਾ,ਉੱਥੇ ਹੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਖਿਡਾਰੀਆਂ ਅਤੇ ਆਮ ਸ਼ਹਿਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਵੱਖ-ਵੱਖ ਜਥੇਬੰਦੀਆਂ ਦੇ ਇਹਨਾਂ ਵਫ਼ਦਾਂ ਨੂੰ ਭਰੋਸਾ ਦਿੱਤਾ ਕਿ ਪਟਿਆਲਾ ਸ਼ਹਿਰ ‘ਚ ਦਫ਼ਾ 144 ਲਗਾਈ ਗਈ ਹੈ ਅਤੇ ਕਿਸੇ ਨੂੰ ਵੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਜਾਂ ਕਿਸਾਨ ਜਥੇਬੰਦੀ ਨੂੰ ਕੋਈ ਵੀ ਮੀਟਿੰਗ, ਰੈਲੀ, ਧਰਨਾ ਜਾਂ ਮੁਜ਼ਾਹਰਾ ਕਰਨ ਜਾਂ ਕਿਸੇ ਵੀ ਧਾਰਮਿਕ ਪ੍ਰੋਗਰਾਮ, ਸ਼ੋਭਾ ਯਾਤਰਾ, ਨਗਰ ਕੀਰਤਨ ਜਾਂ ਸਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀ ਇਕੱਠੇ ਹੋਣੇ ਹਨ, ਉਹਨਾਂ ਨੂੰ ਜਿਲ੍ਹਾ ਮੈਜਿਸਟਰੇਟ ਪਟਿਆਲਾ ਪਾਸੋਂ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

