ਬਿਨਾਂ ਪਰਾਲੀ ਸਾੜੇ ਪੰਜੋਲਾ ਦੇ ਕਿਸਾਨ ਨੇ ਆਲੂਆਂ ਦੀ ਸਫਲ ਕੀਤੀ ਕਾਸ਼ਤ
ਪ੍ਰਦੂਸ਼ਣ ਰੋਕਥਾਮ ਬੋਰਡ ‘ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਦਾ ਦੌਰਾ
ਕਿਸਾਨਾ ਨੂੰ ਇਹ ਤਕਨੀਕ ਅਪਣਾ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ
ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ) ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਬਲਾਕ ਸਨੋਰ ਦੇ ਪਿੰਡ ਪੰਜੌਲਾ ਦੇ ਕਿਸਾਨ ਸੁਰਿੰਦਰ ਪੰਜੌਲਾ ਨੇ ਆਲੂਆਂ ਦੀ ਸਫਲ ਕਾਸ਼ਤ ਕਰਕੇ ਪਹਿਲ ਕਦਮੀ ਕਰਦੇ ਹੋਏ ਪਰਾਲੀ ਦਾ ਹੱਲ ਲੱਭ ਲਿਆ ਹੈ।
ਬਿਨਾਂ ਪਰਾਲੀ ਜਲਾਏ ਤਿਆਰ ਕੀਤੇ ਗਏ ਖੇਤਾਂ ਦਾ ਜਾਇਜਾ ਲੈਣ ਲਈ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਤੇ ਪੰਜਾਬ ਦੇ ਨੋਡਲ ਅਧਿਕਾਰੀ ਸੁਰਿੰਦਰ ਸਿੰਘ ਮਠਾੜੂ ਅਤੇ ਜਿਲਾ ਮੁੱਖ ਖੇਤੀਬਾੜੀ ਅਫਸਰ ਅਰਵਿੰਦਰ ਸਿੰਘ ਆਪਣੀਆਂ ਟੀਮਾਂ ਸਮੇਤ ਪਹੁੰਚੇ ਅਤੇ ਉਹਨਾਂ ਸਾਰੀ ਸਥਿਤੀ ਦਾ ਜਾਇਜਾ ਲੈਣ ਤੋਂ ਬਾਅਦ ਅਗਾਂਹਵਧੂ ਕਿਸਾਨ ਸੁਰਿੰਦਰ ਪੰਜੌਲਾ ਵੱਲੋਂ ਕੀਤੀ ਪਹਿਲੀ ਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਉਕਤ ਦੋਨਾ ਅਧਿਕਾਰੀਆਂ ਨੇ ਬਾਕੀ ਕਿਸਾਨਾ ਨੂੰ ਵੀ ਇਸ ਤਕਨੀਕ ਨੂੰ ਅਪਣਾ ਕੇ ਝੋਨੇ ਦੀ ਪਰਾਲੀ ਬਿਨ੍ਹਾਂ ਜਲਾਏ ਅਗਲੀ ਫਸਲ ਲਈ ਖੇਤ ਤਿਆਰ ਕਰਨ ਦੀ ਅਪੀਲ ਕੀਤੀ। ਸ੍ਰੀ ਮਠਾੜੂ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਤਕਨੀਕ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ, ਉਥੇ ਮਿੱਤਰ ਕੀੜੇ ਵੀ ਨਹੀਂ ਸੜਨਗੇ ਅਤੇ ਘੱਟ ਖਾਦ ਦਾ ਇਸਤੇਮਾਲ ਕਰਕੇ ਵਧੀਆ ਫਸਲ ਲਈ ਜਾ ਸਕੇਗੀ। ਉਹਨਾਂ ਕਿਹਾ ਕਿ ਲਗਾਤਾਰ ਇਸ ਵਿਧੀ ਨੂੰ ਅਪਣਾਉਣ ਨਾਲ ਹਰ ਵਾਰ ਜਮੀਨ ਦੀ ਉਪਜਾਉ ਸ਼ਕਤੀ ਵਧੇਗੀ ਅਤੇ ਜਿਹੜਾ ਇੱਕ ਵਾਰ ਜਿਆਦਾ ਖੇਤ ਵਹਾਉਣ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਜਿਆਦਾ ਖਾਦ ਦਾ ਖਰਚਾ ਬਚੇਗਾ।
ਕਿਸਾਨ ਸੁਰਿੰਦਰ ਪੰਜੌਲਾ ਨੇ ਦੱਸਿਆ ਕਿ ਪਹਿਲਾਂ ਉਹਨਾਂ ਵੱਲੋਂ ਮਸ਼ੀਨ ਨਾਲ ਪਰਾਲੀ ਦਾ ਕੁਤਰਾ ਕੀਤਾ ਗਿਆ, ਫੇਰ ਰੋਟਾਵੇਟਰ ਨਾਲ ਜਮੀਨ ਵਾਹ ਕੇ ਪਾਣੀ ਦੇਣ ਤੋਂ ਬਾਅਦ ਆਮ ਜਿੰਨੀ ਵਾਹੀ ਕੀਤੀ ਗਈ। ਸਿਰਫ ਰੋਟਾਵੇਟਰ ਨਾਲ ਇੱਕ ਵਾਰ ਵਹਾਉਣਾ ਹੀ ਆਮ ਨਾਲੋ ਜਿਆਦਾ ਪਿਆ। ਉਹਨਾਂ ਦੱਸਿਆ ਕਿ ਕਣਕ ਦੀ ਫਸਲ ਲਈ ਤਾਂ ਬਿਨ੍ਹਾਂ ਰੋਟਾਵੇਟਰ ਤੋਂ ਵੀ ਸਾਰਿਆਂ ਜਾ ਸਕਦਾ ਹੈ, ਪ੍ਰੰਤੂ ਆਲੂ ਦੀ ਫਸਲ ਦੇ ਕਾਰਨ ਇੱਕ ਵਾਹ ਜਿਆਦਾ ਦੇਣੀ ਪਈ ਹੈ। ਉਹਨਾਂ ਦੱਸਿਆ ਕਿ ਇਸ ਨਾਲ ਜਿਥੇ ਸਾਡਾ ਵਾਤਾਵਰਣ ਬਚੇਗਾ, ਉਥੇ ਜਮੀਨ ਦੀ ਉਪਜਾਉ ਸ਼ਕਤੀ ਵੀ ਵਧੇਗੀ। ਇਸ ਮੌਕੇ ਗੁਰਮੀਤ ਸਿੰਘ ਖੇਤੀਬਾੜੀ ਅਫਸਰ ਨਾਭਾ,ਰਵਿੰਦਰਪਾਲ ਸਿੰਘ ਚੱਠਾ ਟੀ.ਏ, ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਹਰਮਨਜੀਤ ਸਬ ਇੰਸਪੈਕਟਰ ਤੋਂ ਇਲਾਵਾ ਮਿਲਕ ਪਲਾਂਟ ਪਟਿਆਲਾ ਦੇ ਡਾਇਰੈਕਟਰ ਸਤਪਾਲ ਸਿੰਘ ਪੂਨੀਆ, ਸੁਖਵਿੰਦਰ ਸਿੰਘ ਪ੍ਰਤਾਪਗੜ੍ਹ, ਜਥੇਦਾਰ ਜਸਕਰਨ ਸਿੰਘ ਕੱਕੇਪੁਰ, ਗੁਰਵਿੰਦਰ ਸਿੰਘ ਪ੍ਰਤਾਪਗੜ੍ਹ ਪ੍ਰਧਾਨ ਕੋਪਰੇਟਿਵ ਸੁਸਾਇਟੀ ਪੰਜੌਲਾ, ਗੁਰਧਿਆਨ ਸਿੰਘ ਪੰਜੌਲਾ, ਜਥੇਦਾਰ ਅਮਰ ਸਿੰਘ ਪੰਜੌਲਾ, ਰਾਮ ਸਿੰਘ ਪੰਜੌਲਾ, ਜੰਗੀਰ ਸਿੰਘ ਸਰਪੰਚ ਪ੍ਰਤਾਪਗੜ੍ਹ, ਗਿਆਨ ਸਿੰਘ, ਭੁਪਿੰਦਰ ਸਿੰਘ ਸਾਬਕਾ ਸਰਪੰਚ ਪਹਾੜੀਪੁਰ, ਹਰਜਿੰਦਰ ਸਿੰਘ ਪਹਾੜੀਪੁਰ, ਸਤਨਾਮ ਸਿੰਘ ਪੰਜੌਲਾ, ਜਸਮੇਰ ਸਿੰਘ ਪੰਜੌਲਾ, ਕ੍ਰਿਪਾਲ ਸਿੰਘ ਪ੍ਰਤਾਪਗੜ੍ਹ, ਕਾਲਾ ਕੱਕੇਪੁਰ, ਪੋਟੀ ਕੱਕੇਪੁਰ, ਰੱਮੀ ਕੱਕੇਪੁਰ, ਬੂਟਾ ਸਿੰਘ ਡੰਡੋਆ ਅਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

