ਬੇਟੀ ਬਚਾਓ-ਬੇਟੀ ਪੜਾਓ ਦਾ ਸੰਦੇਸ਼ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਪੁਹੰਚਾਇਆਂ ਜਾਵੇਗਾ: ਪਰੇ
ਸਿਖਿਆ, ਸਿਹਤ, ਆਂਗਣਵਾੜੀ, ਜੰਗਲਾਤ, ਪੋਸਟ ਆਫਿਸ, ਬੈਂਕਾਂ ਆਦਿ ਦੇ ਸਹਿਯੋਗ ਨਾਲ ਹੋਣਗੇ ਪ੍ਰੋਗਰਾਮ
ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ) ਬੇਟੀ ਬਚਾਓ-ਬੇਟੀ ਪੜਾਓ ਦਾ ਸੰਦੇਸ਼ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਪੁਹੰਚਾਇਆਂ ਜਾਵੇਗਾ ਅਤੇ ਹਰ ਵਿਅਕਤੀ ਨੂੰ ਦੱਸਿਆ ਜਾਵੇਗਾ ਕਿ ਘਰਾਂ ਵਿੱਚ ਬੇਟੀ ਹੋਣ ਦਾ ਕੀ ਮਹੱਤਵ ਹੈ ਅਤੇ ਇੱਕ ਬੇਟੀ ਦੇ ਪੜਨ ਨਾਲ ਇੱਕ ਪੂਰਾ ਪਰਿਵਾਰ ਪੜਿਆ ਲਿਖਿਆ ਹੋ ਜਾਂਦਾ ਹੈ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਰੱਖੇ ਹਨ।
ਇਸਤਰੀ ਅਤੇ ਬਾਲ ਵਿਕਾਸ ਮੰਤਰਾਲਿਆਂ ਵੱਲੋਂ 9 ਅਕਤੂਬਰ ਤੋਂ 14 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਬੇਟੀ ਬਚਾਓ ਬੇਟੀ-ਪੜਾਓ ਹਫਤਾ ਮਨਾਉਣ ਲਈ ਉਲੀਕੇ ਗਏ ਪ੍ਰੋਗਰਾਮਾਂ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਰੱਖੀ ਗਈ ਇਸ ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਵੀ ਕੁਝ ਵਿਭਾਗ ਅਤੇ ਬੈਂਕ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਆਪਣਾ ਸਹਿਯੋਗ ਦੇ ਰਹੇ ਹਨ ਜਿਹਨਾਂ ਵਿੱਚ ਸਿਖਿਆ, ਸਿਹਤ, ਆਂਗਣਵਾੜੀ, ਜੰਗਲਾਤ, ਪੋਸਟ ਆਫਿਸ ਆਦਿ ਸ਼ਾਮਲ ਹਨ। ਸ਼੍ਰੀ ਪਰੈ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਨੁੱਕੜ ਨਾਟਕ ਨਵੀਂ ਜੰਮੀਆਂ ਬੱਚੀਆਂ ਦਾ ਜਨਮ ਦਿਨ, ਰੁੱਖ ਲਗਾਉਣਾ, ਸਰਟੀਫਿਕੇਟ ਵੰਡਣੇ ਵਰਗੇ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ। ਖਾਸ ਤੌਰ ‘ਤੇ ਕੁੜੀਆਂ ਦੀ ਘੱਟ ਜਨਮ ਦਰ ਵਾਲੇ ਪਿੰਡਾਂ ‘ਚ ਇਹਨਾਂ ਦਾ ਪ੍ਰੋਗਰਾਮ ਰੱਖਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਬਲਾਕ ਵਿੱਚ 15-15 ਪਿੰਡ ਅਜਿਹੇ ਚੁਣੇ ਗਏ ਹਨ ਜਿਹਨਾਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਕਾਫੀ ਘੱਟ ਹੈ। ਉਹਨਾਂ ਦੱਸਿਆ ਕਿ 9 ਅਕਤੂਬਰ ਨੂੰ ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ ਕੀਤੀ ਜਾਵੇਗੀ ਜਿਥੇ ਕਿ ਸਹੂੰ ਚੁੱਕ ਸਮਾਰੋਹ ਰੱਖਿਆ ਗਿਆ ਹੈ। ਨਵੇਂ ਭਾਰਤ ਦੀਆਂ ਬੇਟੀਆਂ ਦੇ ਸਬੰਧ ਵਿੱਚ ਮਨਾਏ ਜਾ ਰਹੇ ਇਸ ਹਫਤੇ ਵਿੱਚ ਜ਼ਿਲ੍ਹੇ ਦੀਆਂ ਪ੍ਰਮੱਖ ਮਹਿਲਾ ਸ਼ਖਸ਼ੀਅਤਾਂ ਨੂੰ ਵੀ ਰੂਬਰੂ ਕਰਵਾਇਆ ਜਾਵੇਗਾ ਤਾਂ ਕਿ ਉਹ ਆਪਣੇ ਤਜਰਬੇ ਸਾਂਝੇ ਕਰ ਸਕਣ।
ਸ਼੍ਰੀ ਪਰੇ ਨੇ ਦੱਸਿਆ ਕਿ ਦੂਜੇ ਦਿਨ ਸਕੂਲੀ ਬੱਚਿਆਂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ ਪੋਸਟਰ, ਸਲੋਗਨ ਰਾਈਟਿੰਗ ਮੁਕਾਬਲੇ ਆਦਿ ਕਰਵਾਏ ਜਾਣਗੇ। ਤੀਜੇ ਦਿਨ ਨਵ ਜਨਮੀਆਂ ਬੱਚੀਆਂ ਦਾ ਜਨਮ ਦਿਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮਨਾਇਆ ਜਾਵੇਗਾ, ਵਣ ਵਿਭਾਗ ਪਿੰਡ ਵਿੱਚ ਨਵੀਂ ਜਨਮੀ ਬੱਚੀ ਦੇ ਨਾਂ ਦਾ ਰੁੱਖ ਲਗਾਏਗਾ। ਪੋਸਟ ਆਫਿਸ ਵਿਭਾਗ ਵੱਲੋਂ ਸੁਕੱਨਿਆ ਸਮਰਿਦੀ ਯੋਜਨਾਂ ਦਾ ਸਰਟੀਫਿਕੇਟ ਦਿੱਤਾ ਜਵੇਗਾ। ਇਸੇ ਤਰ੍ਹਾਂ ਚੌਥੇ ਦਿਨ ਆਸ਼ਾ ਅਤੇ ਆਂਗਣਵਾੜੀ ਵਰਕਰ ਘਰ-ਘਰ ਜਾ ਕੇ ਬੇਟੀਆਂ ਸਬੰਧੀ ਸਕੀਮਾਂ ਦਾ ਪ੍ਰਚਾਰ ਕਰਨਗੇ ਅਤੇ ਸਟਿੱਕਰ ਚਿਪਕਾਉਣਗੇ। ਪੰਜਵੇਂ ਦਿਨ ਨੁੱਕੜ ਨਾਟਕ ਦੇ ਨਾਲ–ਨਾਲ ਸਿਹਤ ਅਤੇ ਹੋਰ ਕਾਨੂੰਨੀ ਜਾਣਕਾਰੀਆਂ ਦੇ ਸ਼ੋਅ ਵੀ ਹੋਣਗੇ। ਜਦਕਿ ਅਤਿੰਮ ਦਿਨ 14 ਅਕਤੂਬਰ ਨੂੰ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆਂ ਹੋਣਗੀਆਂ ਅਤੇ ਸਨਮਾਨ ਸਮਾਰੋਹ ਹੋਵੇਗਾ।
ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਾਲ ਵਿਕਾਸ ਮੰਤਰਾਲਿਆਂ ਦਾ ਨਾਮ ਲੈ ਕੇ ਜੇਕਰ ਕੋਈ ਵਿਅਕਤੀ ਪਿੰਡ ਵਿੱਚ ਜਾ ਕੇ 50 ਰੁਪਏ ਲੈ ਕੇ ਫਾਰਮ ਭਰਵਾਉਂਦਾ ਹੈ ਅਤੇ ਸਰਪੰਚ ਜਾ ਕਿਸੇ ਹੋਰ ਮੋਹਤਵਰ ਬੰਦੇ ਨੂੰ ਨਾਲ ਲੈ ਕੇ ਤਸਦੀਕ ਵੀ ਕਰਵਾਉਂਦਾ ਹੈ ਤਾਂ ਇਹ ਕਾਨੂੰਨੀ ਅਪਰਾਧ ਹੈ ਉਹਨਾਂ ਦੱਸਿਆ ਕਿ ਅਜਿਹਾ ਕੋਈ ਵੀ ਨਿਰਦੇਸ਼ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।

