ਤਨਖਾਹਾਂ ਨਾ ਮਿਲਣ ਤੋਂ ਭੜਕੇ ਜੰਗਲਾਤ ਕਾਮੇ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਜਿਲ੍ਹਾ ਪਟਿਆਲਾ ਦੀ ਮੀਟਿੰਗ ਬਲਬੀਰ ਸਿੰਘ ਮੰਡੋਲੀ ਤੇ ਜਸਵਿੰਦਰ ਸੌਜਾ ਦੀ ਅਗਵਾਈ ਹੇਠ ਨਹਿਰੂ ਪਾਰਕ ਪਟਿਆਲਾ ਵਿਖੇ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 16 ਅਤੇ 17 ਅਕਤੂਬਰ ਨੂੰ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਮੀਟਿੰਗ ‘ਚ ਜਿਲ੍ਹਾ ਪਟਿਆਲਾ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਸ਼ਮੂਲੀਅਤ ਕਰਨਗੇ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸਲਾਹਕਾਰ ਦਰਸ਼ਨ ਬੇਲੂਮਾਜਰਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ, ਛਾਂਟੀ ਕੀਤੇ ਵਰਕਰ ਕੰਮ ਤੇ ਲਗਾਉਣ, ਸੀਨੀਆਰਤਾ ਸੂਚੀ ਜਾਰੀ ਕਰਵਾਉਣ, ਬੰਦ ਪਈਆਂ ਨਰਸਰੀਆਂ ਨੂੰ ਚਾਲੂ ਕਰਵਾਉਣ, ਜੰਗਲਾਤ ਵਿਭਾਗ ਦੇ ਕੰਮ ਵਿਭਾਗ ਰਾਹੀਂ ਕਰਵਾਉਣ, ਤਨਖਾਹ ਹਰ ਮਹੀਨੇ ਦੀ 7 ਤਰੀਕ ਤੱਕ ਯਕੀਨੀ ਬਣਾਉਣ ਲਈ ਇਹ ਧਰਨਾ ਲਗਾਇਆ ਜਾਵੇਗਾ। ਕਿਉਂਕਿ ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਧਰਨੇ ਵਿੱਚ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਚਿੱਠਾ ਵੀ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ। ਮੁਲਾਜਮ ਆਗੂਆਂ ਨੇ ਮੰਗ ਕੀਤੀ ਜੰਗਲਾਤ ਦੇ ਦਰਖਤਾ ਤੇ ਟੱਕੀ ਲਗਾ ਕੇ ਨੰਬਰ ਲਗਾਏ ਜਾਣ ਤਾਂ ਕਿ ਵਿਭਾਗ ਵਿੱਚ ਵੱਡੇ ਪੱਧਰ ਤੇ ਹੋ ਰਹੀ ਦਰਖਤਾਂ ਦੀ ਚੋਰੀ ਦੀ ਨਿਸ਼ਾਨਦੇਹੀ ਹੋ ਸਕੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭਿੰਦਰ ਸਿੰਘ ਘੱਗਾ, ਨਰੇਸ਼ ਕੁਮਾਰ ਬਾਂਸਲ, ਜਗਤਾਰ ਸਿੰਘ ਨਾਭਾ, ਲਾਲ ਚੰਦ ਚਨਾਰਥਲ, ਹਰਚਰਨ ਸਿੰਘ ਤੇ ਗੁਰਬਚਨ ਸਿੰਘ ਸ਼ਾਮਲ ਹੋਏ। ਮੁਲਾਜਮ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਇਸ ਧਰਨੇ ਵਿੱਚ ਅਗਲੇ ਲਗਾਤਾਰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

