ਕਾਂਗਰਸ ਸਰਕਾਰ ਦੀ ਚਾਬੀ ਬੰਟੀ ਬਬਲੀ ਹੱਥ, ਇੱਕ ਤਾੜੀ ਠੋਕੂ ਤੇ ਦੂਜਾ ਸਬਸਿਡੀ ਵਿਰੋਧੀ : ਮਜੀਠੀਆ
ਮਰੜ ਵਿਖੇ ਸਲਾਰੀਆ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਹੋਈ
ਕਾਲਾ ਅਫ਼ਗਾਨਾਂ, ਫ਼ਤਿਹਗੜ੍ਹ ਚੂੜੀਆਂ, 8 ਅਕਤੂਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰਦਾਸਪੁਰ ਜਿਮਨੀ ਚੋਣ ਲਈ ਅਕਾਲੀ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦਾ ਰਸਤਾ ਅਖਤਿਆਰ ਕਰ ਲੈਣ ਵਾਲੀ ਕਾਂਗਰਸ ਸਰਕਾਰ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ।
ਪਿੰਡ ਮਰੜ ਵਿਖੇ ਭਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਸ ਵਕਤ ਬੰਟੀ ਅਤੇ ਬਬਲੀ ਚਲਾ ਰਹੇ ਹਨ। ਜਿਨ੍ਹਾਂ ‘ਚੋਂ ਇੱਕ ਬਿਨਾ ਵਜਾ ਤਾੜੀ ਠੋਕੂ ਅਤੇ ਦੂਜਾ ਸਬਸਿਡੀਆਂ ਦਾ ਵਿਰੋਧੀ ਹੈ।
ਉਹਨਾਂ ਕਿਹਾ ਕਿ ਘਰ ਘਰ ਨੌਕਰੀ ਦਾ ਝੂਠਾ ਵਾਅਦਾ ਕਰਨ ਵਾਲਿਆਂ ਤੋਂ ਅੱਜ ਮੁਲਾਜਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਉਹ 60 ਲਖ ਦੀ ਨਵੀਂ ਭਰਤੀ ਕਿੱਥੋਂ ਕਰ ਲਊ। ਉੱਨਾ ਕਿਹਾ ਕਿ ਬੰਟੀ ਬਬਲੀ ਵੱਲੋਂ ਅਗੇ ਹੋ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਅਤੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਤੋਂ ਇਲਾਵਾ ਸਮਾਰਟ ਫੋਨਾਂ ਲਈ ਫਾਰਮ ਭਰਵਾਉਣਾ ਲੋਕਾਂ ਨਾਲ ਸਭ ਤੋਂ ਵੱਡਾ ਮਜ਼ਾਕ ਸਿੱਧ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਦੀ ਲੜਾਈ ਕਿਸੇ ਹੋਰ ਲਈ ਨਹੀਂ ਲੋਕਾਂ ਦੇ ਹੱਕ ਅਤੇ ਸੱਚ ਦੇ ਲਈ ਲੜਾਈ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਇੱਕ ਤਕੜਾ ਝਟਕਾ ਦੇਣ ਤਾਂ ਕਿ ਉਹਨਾਂ ਦੇ ਹੋਸ਼ ਠਿਕਾਣੇ ਆ ਜਾਣ।
ਇਸ ਮੌਕੇ ਰਵੀ ਕਰਨ ਸਿੰਘ ਕਾਹਲੋਂ, ਤਰਲੋਕ ਸਿੰਘ ਬਾਠ, ਸੁਖਵਿੰਦਰ ਸਿੰਘ ਗੋਲਡੀ, ਜੁਝਾਰ ਸਿੰਘ, ਗੁਰਵਿੰਦਰ ਸਿੰਘ ਪੰਨੂ, ਬਚਿੱਤਰ ਸਿੰਘ, ਸਰਪੰਚ ਨਿਹਾਲ ਸਿੰਘ, ਜੋਬਨ ਜੀਤ ਸਿੰਘ, ਪ੍ਰਭਦਿਆਲ ਸਿੰਘ, ਬੁੱਧ ਸਿੰਘ ਲੀਡਰ ਆਦਿ ਮੌਜੂਦ ਸਨ।

