ਜ਼ਿਮਨੀ ਚੋਣ : ਸੁਨੀਲ ਜਾਖੜ ਦੀ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ
ਗੁਰਦਾਸਪੁਰ 15 ਅਕਤੂਬਰ (ਮਧੂਸਾਰ ਬਿਊਰੋ)-ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਨੇ ਆਜ਼ਾਦੀ ਤੋਂ ਬਾਅਦ ਇਸ ਹਲਕੇ ਦੇ ਚੋਣ ਇਤਿਹਾਸ ਨਾਲ ਸੰਬੰਧਤ ਕਈ ਰਿਕਾਰਡ ਤੋੜ ਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਹਲਕੇ ਅੰਦਰ ਲੋਕ ਸਭਾ ਮੈਂਬਰ ਚੁਣਨ ਲਈ ਜ਼ਿਮਨੀ ਚੋਣ ਵੀ ਪਹਿਲੀ ਵਾਰ ਹੋਈ ਹੈ ਜੋ ਆਪਣੇ ਆਪ ‘ਚ ਹੀ ਇਕ ਨਵਾਂ ਇਤਿਹਾਸ ਹੈ। ਇਸ ਦੇ ਨਾਲ ਹੀ ਸੁਨੀਲ ਜਾਖੜ ਨੂੰ ਮਿਲੀ ਏਨੀ ਵੱਡੀ ਲੀਡ ਇਸ ਤੋਂ ਪਹਿਲਾਂ ਗੁਰਦਾਸਪੁਰ ਅੰਦਰ 16 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਉਮੀਦਵਾਰ ਨੂੰ ਨਸੀਬ ਨਹੀਂ ਹੋਈ ਅਤੇ ਨਾ ਹੀ ਹਲਕੇ/ਜ਼ਿਲੇ ਤੋਂ ਬਾਹਰਲੇ ਕਿਸੇ ਕਾਂਗਰਸੀ ਉਮੀਦਵਾਰ ਨੂੰ ਇਸ ਤੋਂ ਪਹਿਲਾਂ ਏਨਾ ਵੱਡਾ ਫ਼ਤਵਾ ਮਿਲਿਆ ਸੀ।
ਆਜ਼ਾਦੀ ਤੋਂ ਬਾਅਦ ਸੁਨੀਲ ਜਾਖੜ ਨੂੰ ਮਿਲੀ ਸਭ ਤੋਂ ਵੱਡੀ ਲੀਡ
ਗੁਰਦਾਸਪੁਰ ਲੋਕ ਸਭਾ ਹਲਕੇ ਦੇ ਚੋਣ ਇਤਿਹਾਸ ਅਨੁਸਾਰ ਇਸ ਹਲਕੇ ਅੰਦਰ ਹੁਣ ਤੱਕ 16 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਤਹਿਤ 11 ਵਾਰ ਕਾਂਗਰਸ ਦਾ ਝੰਡਾ ਬੁਲੰਦ ਹੋਇਆ, ਚਾਰ ਵਾਰ ਭਾਜਪਾ ਦਾ ਕਮਲ ਦਾ ਫ਼ੁੱਲ ਖਿੜ੍ਹਿਆ ਅਤੇ ਇਕ ਵਾਰ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ।

