ਪੰਜਾਬਪਟਿਆਲਾ

ਕੈਪਟਨ ਨੇ ਨਸ਼ੇ ਖਤਮ ਕਰਨ ਦੀ ਸੌਂਹ ਚੁੱਕੀ ਸੀ ਨਾ ਕਿ ਸਕੂਲ ਬੰਦ ਕਰਨ ਦੀ- ਭੋਮਾ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਰਾਜਬੀਰ ਸਿੰਘ ਜਲੰਧਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦੀ ਸੌਂਹ ਚੁੱਕੀ ਸੀ ਨਾ ਕਿ 800 ਪ੍ਰਾਈਮਰੀ ਸਕੂਲ ਬੰਦ ਕਰਨ ਦੀ।

ਉਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ 800 ਪ੍ਰਾਈਮਰੀ ਸਕੂਲ ਬੰਦ ਕਰਨ ਦੇ ਜ਼ਾਰੀ ਕੀਤੇ ਗਏ ਤੁਗਲਕੀ ਫੁਰਮਾਨ ਨੇ ਇਹ ਦੱਸ ਦਿੱਤਾ ਹੈ ਕਿ ਉਹ ਪੰਜਾਬ ਵਿਚੋਂ ਨਸ਼ਾ ਬੰਦ ਕਰਨ ਦੇ ਵਾਅਦੇ ਨੂੰ ਭੁੱਲ ਕੇ ਪੰਜਾਬ ਦੇ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕਰਕੇ ਨਸ਼ਿਆਂ ਵਲ ਹੋਰ ਜ਼ਿਆਦਾ ਧਕੇਲਣ ਦਾ ਕੰਮ ਕਰਨ ਜਾ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫੈਸਲਾ ਸਰਕਾਰ ਵਲੋਂ 2009 ਵਿਚ ਪਾਸ ਕੀਤੇ ਗਏ ਐਜ਼ੂਕੇਸ਼ਨ ਐਕਟ ਦੇ ਮੂਲ ਸਿਧਾਂਤ ਦੇ ਬਿਲਕੁਲ ਉਲਟ ਹੈ ਜਿਸ ਵਿਚ ਸਭ ਨੂੰ ਸਿੱਖਿਆ ਦੇਣ ਦਾ ਪ੍ਰਣ ਕੀਤਾ ਗਿਆ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦਾ ਫੈਸਲਾ ਸਿੱਖਿਆ ਦੇ ਮੌਲਿਕ ਅਧਿਕਾਰ ਤੇ ਸਿੱਧਾ ਹਮਲਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਰਕਾਰ ਦੇ ਇਹ ਫੈਸਲੇ ਨੂੰ ਕਦੇ ਵੀ ਨਹੀਂ ਮੰਨੇਗੀ ਸਗੋਂ ਇਸ ਫੈਸਲੇ ਦੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਵੀ ਕਰੇਗੀ। ਇਸ ਸੰਬੰਧੀ ਵਕੀਲਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਾਰੀ ਬਿਆਨ ਵਿਚ ਫੈਡਰੇਸ਼ਨ ਆਗੁਆਂ ਨੇ ਕਿਹਾ ਕਿ ਸਰਕਾਰ ਦਾ ਇਹ ਬਹਾਨਾ ਹੈ ਕਿ ਪ੍ਰਾਈਮਰੀ ਸਕੂਲਾਂ ਵਿਚ ਬੱਚੇ ਘੱਟ ਹਨ ਇਸ ਲਈ ਇਹ ਸਕੂਲ ਬੰਦ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲੋਂ ਕਈ ਗੁਣਾ ਵੱਧ ਹਨ ਪਰ ਪ੍ਰਾਈਵੇਟ ਸਕੂਲਾਂ ਵਿਚ ਲੋੜ ਨਾਲੋਂ ਵੱਧ ਵਿਦਿਆਰਥੀ ਹਨ ਤਾਂ ਕੀ ਕਾਰਨ ਹੈ ਕਿ ਸਰਕਾਰੀ ਸਕੂਲਾਂ ਵਿਚ ਬੱਚੇ ਘੱਟ ਕਿਉਂ ਹਨ ਇਹ ਸਰਕਾਰੀ ਤੰਤਰ ਦੀ ਹੀ ਨਲਾਇਕੀ ਹੈ। ਉਨਾਂ ਕਿਹਾ ਕਿ ਸਰਕਾਰਾਂ ਕਰੋੜਾ ਰੁਪਈਏ ਬੁੱਤਾਂ,ਝੰਡਿਆਂ ਅਤੇ ਸਮਾਰਕਾਂ ਤੇ ਖਰਚ ਕਰ ਸਕਦੀ ਹੈ ਪਰ ਆਪਣੀ ਪਨੀਰੀ ਦਾ ਭਵਿੱਖ ਸਵਾਰਨ ਦੀ ਬਜਾਏ 800 ਸਕੂਲ ਬੰਦ ਕਰਕੇ ਹਜ਼ਾਰਾਂ ਗਰੀਬ ਬੱਚਿਆਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਆਸੀ ਲੀਡਰ ਆਪਣੇ ਪ੍ਰਾਈਵੇਟ ਸਕੂਲਾਂ ਦਾ ਬਿਜ਼ਨਿਸ ਵਧਾਉਣ ਦੀ ਆੜ ਹੇਠ ਗਰੀਬ ਬੱਚਿਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਕਰਨ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *